ਬਠਿੰਡਾ ਵਿੱਚ ਕਿਸਾਨਾਂ ਨੇ ਨਰਮੇ ਦੀ ਬਿਜਾਈ ਤੋਂ ਮੂੰਹ ਮੋੜਿਆ
ਮਨੋਜ ਸ਼ਰਮਾ
ਬਠਿੰਡਾ, 19 ਜੂਨ
ਐਤਕੀਂ ਬਠਿੰਡਾ ਜ਼ਿਲ੍ਹੇ ਵਿੱਚ ਨਰਮੇ ਦੀ ਬਿਜਾਈ ਵੱਡੀ ਪੱਧਰ ’ਤੇ ਘੱਟ ਗਈ ਹੈ। ਖੇਤੀਬਾੜੀ ਵਿਭਾਗ ਵੱਲੋਂ 35,000 ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਟੀਚਾ ਮਿਥਿਆ ਗਿਆ ਸੀ ਪਰ ਵਿਭਾਗ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮਹਿਜ਼ 14,500 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੀ ਨਰਮੇ ਦੀ ਬਿਜਾਈ ਕਰਵਾ ਸਕਿਆ। ਕਿਸਾਨ ਨਰਮਾ ਛੱਡ ਕੇ ਝੋਨਾ ਲਾਉਣ ਨੂੰ ਤਰਜੀਹ ਦੇ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਨਰਮੇ ’ਤੇ ਸੁੰਡੀ ਦੇ ਹੋ ਰਹੇ ਹਮਲਿਆਂ ਕਾਰਨ ਕਿਸਾਨ ਇਸ ਵਾਰ ਨਰਮਾ ਬੀਜਣ ਤੋਂ ਟਾਲਾ ਵੱਟ ਰਹੇ ਹਨ। ਕਿਸਾਨ ਆਗੂ ਬਲਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਕਦੇ ਨਰਮੇ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਜਾਂਦਾ ਹੈ ਅਤੇ ਕਦੇ ਮਿਲੀ ਬੱਗ ਚਿੰਬੜ ਜਾਂਦਾ ਜਿਸ ਕਾਰਨ ਕਿਸਾਨਾਂ ਦਾ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਨਰਮੇ ਦੀ ਲਾਗਤ ਬਹੁਤ ਵਧ ਗਈ ਜਿਸ ਕਾਰਨ ਚੰਗਾ ਭਾਅ ਵੀ ਨਹੀਂ ਮਿਲ ਰਿਹਾ ਇਸ ਲਈ ਕਿਸਾਨ ਆਰਥਿਕ ਪੱਧਰ ’ਤੇ ਹੋਰ ਤੰਗ ਨਹੀਂ ਹੋਣਾ ਚਾਹੁੰਦੇ। ਅੰਕੜਿਆਂ ਮੁਤਾਬਕ ਸਾਲ 2015-16 ਦੌਰਾਨ ਬਠਿੰਡਾ ਵਿਚ 112 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮਾ ਬੀਜਿਆ ਗਿਆ ਸੀ। ਇਸ ਤੋਂ ਬਾਅਦ ਬਠਿੰਡਾ ਵਿੱਚ ਨਰਮੇ ਹੇਠਲਾ ਰਕਬਾ ਲਗਾਤਾਰ ਘੱਟ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਸਾਲ 2016-17 ਵਿੱਚ 97 ਹਜ਼ਾਰ ਹੈਕਟੇਅਰ, ਸਾਲ 2017-18 ਵਿਚ 99 ਹਜ਼ਾਰ ਹੈਕਟੇਅਰ, ਸਾਲ 2018-19 ਵਿੱਚ 91 ਹਜ਼ਾਰ ਹੈਕਟੇਅਰ, ਸਾਲ 2019-20 ਵਿੱਚ 78 ਹਜ਼ਾਰ ਹੈਕਟੇਅਰ, 2020-21 ਵਿੱਚ 80.9 ਹੈਕਟੇਅਰ ਅਤੇ ਸਾਲ 2021-22 ਵਿੱਚ 78.2 ਹਜ਼ਾਰ ਹੈਕਟੇਅਰ, ਸਾਲ 2022-23 ਵਿੱਚ 70 ਹਜ਼ਾਰ ਹੈਕਟੇਅਰ ਰਕੇਬ ਵਿਚ ਨਰਮੇ ਦੀ ਬੀਜਾਂਦ ਹੋਈ ਸੀ। ਲੰਘੇ ਸਾਲ 2023-24 ਵਰ੍ਹੇ ਦੌਰਾਨ ਨਰਮੇ ਦੀ ਬਿਜਾਈ 28 ਹਜ਼ਾਰ ਹੈਕਟੇਅਰ ਰਕਬੇ ਤੱਕ ਸਿਮਟ ਕੇ ਰਹਿ ਗਈ ਸੀ। ਹੈਰਾਨੀ ਦੀ ਗੱਲ ਹੈ ਕਿ ਐਤਕੀਂ ਖੇਤੀਬਾੜੀ ਵਿਭਾਗ ਨਰਮੇ ਦੀ ਬਿਜਾਈ ਕਰਨ ਦੇ ਮਿੱਥੇ ਟੀਚੇ ਤੱਕ ਨਹੀਂ ਪੁੱਜ ਸਕਿਆ। ਪੰਜਾਬ ਵਿਚ ਸਾਲ 2022 ਵਿੱਚ ਸੱਤਾ ਤਬਦੀਲੀ ਤੋਂ ਬਾਅਦ ਕਿਸਾਨਾਂ ਨੂੰ ਇਕ ਆਸ ਬੱਝੀ ਸੀ ਪਰ ਨਵੀਂ ਸਰਕਾਰ ਵੀ ਕੁਝ ਨਹੀਂ ਕਰ ਸਕੀ। ਖੇਤੀਬਾੜੀ ਵਿਭਾਗ ਵੱਲੋਂ ਬਠਿੰਡਾ ਪੱਟੀ ਵਿੱਚ 237 ਦੇ ਕਰੀਬ ਕਿਸਾਨ ਮਿੱਤਰ ਵੀ ਰੱਖੇ ਗਏ ਸਨ ਪਰ ਉਹ ਵੀ ਨਰਮੇ ਦੇ ਰਕਬੇ ਵਿੱਚ ਵਾਧਾ ਨਹੀਂ ਕਰ ਸਕੇ। ਜ਼ਿਲ੍ਹੇ ਵਿਚ ਨਰਮੇ ਹੇਠਲਾ ਰਕਬਾ ਵਧਾਉਣ ਲਈ ਪਿੰਡ-ਪਿੰਡ ਖੇਤੀ ਮਾਹਿਰਾਂ ਦੀਆਂ ਕਿਸਾਨਾਂ ਨਾਲ ਸੱਥਾ ਵਿੱਚ ਰੱਖੀਆਂ ਮੀਟਿੰਗਾਂ ਵਾਲਾ ਆਖ਼ਰੀ ਹੰਭਲਾ ਵੀ ਕੰਮ ਨਹੀਂ ਆਇਆ। ਦੂਜੇ ਪਾਸੇ ਪਿਛਲੇ ਸਾਲ ਕਿਸਾਨਾਂ ਨੇ ਵੱਡੀ ਪੱਧਰ ’ਤੇ ਮੂੰਗੀ ਅਤੇ ਮੱਕੀ ਦੀ ਫ਼ਸਲ ਵਿੱਚ ਹੱਥ ਅਜ਼ਮਾਇਆ ਸੀ ਪਰ ਐਤਕੀਂ ਕਿਸਾਨਾਂ ਦਾ ਮੱਕੀ ਵਾਲੇ ਪਾਸਿਓਂ ਵੀ ਮੋਹ ਭੰਗ ਹੋ ਗਿਆ ਹੈ।
ਕਿਸਾਨਾਂ ਨੂੰ ਨਰਮੇ ਦਾ ਭਾਅ ਨਹੀਂ ਮਿਲਿਆ: ਅਧਿਕਾਰੀ
ਖੇਤੀਬਾੜੀ ਵਿਭਾਗ ਦੇ ਮੁੱਖ ਅਫ਼ਸਰ ਡਾ. ਕਿਰਨਜੀਤ ਸਿੰਘ ਨੇ ਮੰਨਿਆ ਕਿ ਉਹ ਇਸ ਵਾਰ ਬਠਿੰਡਾ ਵਿੱਚ ਨਰਮੇ ਹੇਠ ਰਕਬਾ ਵਧਾਉਣ ਵਿੱਚ ਅਸਫ਼ਲ ਰਹੇ ਹਨ। ਉਨ੍ਹਾਂ ਕਿਹਾ ਜਿੱਥੇ ਕਿਸਾਨਾਂ ਨੂੰ ਪਿਛਲੀ ਵਾਰ ਨਰਮੇ ਦੇ ਭਾਅ ਨਹੀਂ ਮਿਲਿਆ ਸਕਿਆ ਉਥੇ ਗੁਲਾਬੀ ਸੁੰਡੀ ਸਮੇਤ ਹੋਰ ਬਿਮਾਰੀਆਂ ਤੋਂ ਡਰੇ ਕਿਸਾਨ ਨਰਮਾ ਬੀਜਣ ਤੋਂ ਪਾਸਾ ਵੱਟ ਗਏ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਨੂੰ ਨਰਮੇ ਦਾ ਸਹੀ ਭਾਅ ਨਹੀਂ ਮਿਲਿਆ ਜਿਸ ਕਾਰਨ ਉਨ੍ਹਾਂ ਨੇ ਐਤਕੀਂ ਉਸ ਰਕਬੇ ਵਿਚ ਝੋਨਾ ਲਾਇਆ ਹੈ।
ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਨੇ ਨਰਮੇ ਦੀ ਕਦਰ ਘਟਾਈ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਵਿਚ ਚਿੱਟੀ ਮੱਖੀ ਕਾਰਨ ਨਰਮੇ ਹੇਠੋਂ ਵੱਡੀ ਪੱਧਰ ’ਤੇ ਰਕਬਾ ਘਟਿਆ ਹੈ ਅਤੇ ਇਸ ਵਾਰ ਖੇਤੀ ਮਹਿਕਮੇ ਵੱਲੋਂ ਜ਼ੋਰ ਲਾਉਣ ਦੇ ਬਾਵਜੂਦ ਇਹ ਰਕਬਾ ਨਹੀਂ ਵਧਿਆ। ਦੂਜੇ ਪਾਸੇ ਝੋਨੇ ਦੇ ਵਧੇ ਰਕਬੇ ਤੋਂ ਪੰਜਾਬ ਸਰਕਾਰ ਔਖੀ ਹੈ ਪਰ ਮਲਵੱਈ ਔਰਤਾਂ ਨੂੰ ਝੋਨੇ ਹੇਠ ਵਧਿਆ ਇਹ ਰਕਬਾ ਰਾਸ ਆਉਣ ਲੱਗਾ ਹੈ। ਪਿੰਡਾਂ ਵਿਚ ਹੁਣ ਝੋਨਾ ਲਾਉਣ ਵਾਲੀਆਂ ਔਰਤਾਂ ਨੂੰ ਰੁਜ਼ਗਾਰ ਮਿਲਿਆ ਹੈ। ਭਾਵੇਂ ਪਰਵਾਸੀ ਮਜ਼ਦੂਰ ਝੋਨਾ ਲਾਉਣ ਲਈ ਪੁੱਜੇ ਹੋਏ ਹਨ, ਪਰ ਪੰਜਾਬ ਸਰਕਾਰ ਵੱਲੋਂ 11 ਜੂਨ ਤੋਂ ਝੋਨਾ ਲਾਉਣ ਨੂੰ ਦਿੱਤੀ ਮਨਜ਼ੂਰੀ ਨੇ ਪ੍ਰਵਾਸੀਆਂ ਦੇ ਨਾਲ-ਨਾਲ ਪੇਂਡੂ ਔਰਤਾਂ ਦੀ ਕਦਰ ਵਧਾ ਧਰੀ ਹੈ। ਨਰਮਾ ਪੱਟੀ ਦੇ ਜ਼ਿਲ੍ਹਿਆਂ ਵਿਚ ਪਹਿਲਾਂ ਨਰਮੇ ਦੀ ਚੁਗਾਈ ਦਾ ਜ਼ਿਆਦਾ ਕੰਮ ਔਰਤਾਂ ਕਰਦੀਆਂ ਸਨ ਪਰ ਹੁਣ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲੁੁਆਈ ਵਿਚ ਔਰਤਾਂ ਦੀ ਇੰਨੀ ਵਧੀ ਹਿੱਸੇਦਾਰੀ ਪਹਿਲੀ ਵਾਰ ਸਾਹਮਣੇ ਆਈ ਹੈ।