For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਵਿੱਚ ਕਿਸਾਨਾਂ ਨੇ ਮਿਨੀ ਸਕੱਤਰੇਤ ਬੰਦ ਕੀਤਾ

08:02 AM Feb 10, 2024 IST
ਬਠਿੰਡਾ ਵਿੱਚ ਕਿਸਾਨਾਂ ਨੇ ਮਿਨੀ ਸਕੱਤਰੇਤ ਬੰਦ ਕੀਤਾ
ਮਿਨੀ ਸਕੱਤਰੇਤ ਦੇ ਗੇਟਾਂ ’ਤੇ ਧਰਨਾ ਲਾ ਕੇ ਆਵਾਜਾਈ ਰੋਕੀ ਬੈਠੇ ਕਿਸਾਨ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 9 ਫਰਵਰੀ
ਇੱਥੇ ਮਿਨੀ ਸਕੱਤਰੇਤ ਅੱਗੇ ਪੰਜ ਰੋਜ਼ਾ ਧਰਨੇ ਦੇ ਅੱਜ ਚੌਥੇ ਦਿਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਦੁਪਹਿਰ 2 ਵਜੇ ਸਕੱਤਰੇਤ ਦੇ ਸਾਰੇ ਗੇਟਾਂ ’ਤੇ ਧਰਨੇ ਲਾ ਕੇ ਸਕੱਤਰੇਤ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਪੱਧਰ ਦੀਆਂ ਮੰਗਾਂ ਬਾਬਤ ਡੀਸੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰੇ। ਸਕੱਤਰੇਤ ਦੀ ਆਵਾਜਾਈ ਠੱਪ ਹੋਣ ਨਾਲ ਇੱਥੇ ਕੰਮ-ਧੰਦੇ ਆਏ ਲੋਕਾਂ ਸਮੇਤ ਕਰਮਚਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਅਖੀਰ ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਆਗੂਆਂ ਦੇ ਵਫ਼ਦ ਨਾਲ ਗੱਲਬਾਤ ਕੀਤੀ ਗਈ ਤਾਂ ਕਿਤੇ ਜਾ ਕੇ ਸ਼ਾਮ ਨੂੰ ਸਾਢੇ ਪੰਜ ਵਜੇ ਦੇ ਕਰੀਬ ਮਿਨੀ ਸਕੱਤਰੇਤ ਦੇ ਰਸਤੇ ਵਿਖਾਵਾਕਾਰੀਆਂ ਨੇ ਛੱਡੇ। ਮੀਟਿੰਗ ਵਿੱਚ ਸ਼ਾਮਲ ਹੋਏ ਕਿਸਾਨ ਆਗੂਆਂ ’ਚੋਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਅੱਗੇ ਇਹ ਮੰਗਾਂ ਰੱਖੀਆਂ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਭੇਜਿਆ ਗਿਆ ਮੁਆਵਜ਼ਾ ਤੁਰੰਤ ਵੰਡਿਆ ਜਾਵੇ, ਗੈਸ ਪਾਈਪ ਲਾਈਨ ਦੇ ਕੀਤੇ ਸਮਝੌਤੇ ਨੂੰ ਪੂਰਨ ਤੌਰ ’ਤੇ ਲਾਗੂ ਕੀਤਾ ਜਾਵੇ, ‘ਭਾਰਤ ਮਾਲਾ’ ਯੋਜਨਾ ਵਾਲੀ ਸੜਕ ਅਧੀਨ ਇਕੁਆਇਰ ਕੀਤੀ ਜ਼ਮੀਨ ਦਾ ਪੂਰਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ, ਪਿਛਲੇ ਸਾਲ ਗੜ੍ਹੇਮਾਰੀ ਦੌਰਾਨ ਹੋਈ ਕਣਕ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ, ਪਿੰਡ ਰਾਏ ਕੇ ਕਲਾਂ ਵਿੱਚ ਬਿਮਾਰੀ ਕਾਰਨ ਵੱਡੀ ਗਿਣਤੀ ’ਚ ਮਰੇ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਟੇਲਾਂ ਅਤੇ ਨਹਿਰੀ ਪਾਣੀ ਦੇ ਮਸਲੇ ਹੱਲ ਕੀਤੇ ਜਾਣ। ਆਗੂਆਂ ਨੇ ਦੱਸਿਆ ਕਿ ਡੀਸੀ ਨਾਲ ਮੰਗਾਂ ਬਾਰੇ 12 ਫਰਵਰੀ ਨੂੰ ਮੀਟਿੰਗ ਤੈਅ ਕੀਤੀ ਗਈ। ਇਨ੍ਹਾਂ ਤੋਂ ਬਿਨਾਂ ਕੁੱਝ ਮੰਗਾਂ ਪੁਲੀਸ ਪ੍ਰਸ਼ਾਸਨ ਨਾਲ ਸਬੰਧਤ ਸਨ, ਜਿਨ੍ਹਾਂ ਨੂੰ ਐੱਸਐੱਸਪੀ ਬਠਿੰਡਾ ਨਾਲ ਕੱਲ੍ਹ ਨੂੰ ਮੀਟਿੰਗ ’ਚ ਬੈਠ ਕੇ ਨਬਿੇੜਨਾ ਨਿਰਧਾਰਤ ਕੀਤਾ ਗਿਆ।
ਧਰਨੇ ਦਾ ਅੱਜ ਚੌਥਾ ਦਿਨ ਨੌਜਵਾਨਾਂ ਦੇ ਨਾਂ ਰਿਹਾ। ਨੌਜਵਾਨ ਬੁਲਾਰਿਆਂ ਨੇ ਕਿਹਾ ਕਿ ਨੌਜਵਾਨੀ ਵੱਡੀ ਪੱਧਰ ’ਤੇ ਬੇਰੁਜ਼ਗਾਰ ਹੈ, ਜਿਸ ਕਰਕੇ ਨਸ਼ਿਆਂ ਅਤੇ ਗੈਂਗਸਟਰਵਾਦ ਦਾ ਰੁਝਾਨ ਵਧਿਆ ਹੈ। ਇਸ ਮੌਕੇ ਮੰਗ ਕੀਤੀ ਗਈ ਕਿ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਤੇ ਬੇਰੁਜ਼ਗਾਰੀ ਤੱਕ ‘ਬੇਰੁਜ਼ਗਾਰੀ ਭੱਤਾ’ ਦਿੱਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬਾ ਕਮੇਟੀ ਦੇ ਸੱਦੇ ਤਹਿਤ 15 ਫਰਵਰੀ ਨੂੰ ਪਿੰਡ ਭੂੰਦੜ ਵਿੱਚ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਜਾਵੇਗੀ। ਅੱਜ ਦੇ ਧਰਨੇ ਨੂੰ ਲਖਵੀਰ ਸਿੰਘ ਗਿੱਦੜ, ਗੁਰਪਾਲ ਸਿੰਘ ਦਿਓਣ, ਰਾਜਵਿੰਦਰ ਸਿੰਘ ਰਾਮਨਗਰ, ਜਸਪਾਲ ਸਿੰਘ ਕੋਠਾਗੁਰੂ, ਗੁਲਾਬ ਸਿੰਘ ਜਿਉਂਦ ਤੇ ਹਰਪ੍ਰੀਤ ਸਿੰਘ ਚੱਠੇਵਾਲਾ ਨੇ ਸੰਬੋਧਨ ਕੀਤਾ।

Advertisement

ਸ਼ਹੀਦ ਕਿਸਾਨ ਵਾਰਿਸਾਂ ਵੱਲੋਂ ਖੇਤੀਬਾੜੀ ਮੰਤਰੀ ਦੇ ਬੂਹੇ ’ਤੇ ਆਤਮਦਾਹ ਦੀ ਚਿਤਾਵਨੀ

ਲੰਬੀ: ਬੀਤੇ 17 ਦਿਨਾਂ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਬੂਹੇ ’ਤੇ ਪੱਕੇ ਮੋਰਚੇ ਵਿੱਚ ਡਟੇ ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨ ਵਾਰਿਸਾਂ ਨੇ ਅੱਜ ਲੰਬੀ ਵਿੱਚ ਐਨਐੱਚ-9 ’ਤੇ ਵੀ ਪੱਕਾ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਸ਼ਹੀਦ ਕਿਸਾਨ ਵਾਰਿਸਾਂ ਨੇ ਸਰਕਾਰੀ ਬੇਰੁਖੀ ਖਿਲਾਫ਼ ਖੇਤੀਬਾੜੀ ਮੰਤਰੀ ਦੇ ਬੂਹੇ ’ਤੇ ਆਤਮਦਾਹ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਵਾਰਿਸਾਂ ਨੇ ਖੁੱਡੀਆਂ ਵਿੱਚ ਪੱਕੇ ਮੋਰਚੇ ਵਿੱਚ ਮੌਜੂਦ ਔਰਤਾਂ ਤੇ ਪੁਰਸ਼ਾਂ ਦੇ ਪੀਣ ਦਾ ਸਾਫ਼ ਪਾਣੀ ਅਤੇ ਦੁੱਧ ਤੱਕ ਬੰਦ ਕਰਵਾਉਣ ਦੇ ਦੋਸ਼ ਲਾਏ ਹਨ। ਮੌਜੂਦਾ ਸਮੇਂ ’ਚ ਖੁੱਡੀਆਂ ਮੋਰਚੇ ਵਿੱਚ 111 ਪਰਿਵਾਰਾਂ ਸਰਗਰਮ ਹਨ ਜਿਨ੍ਹਾਂ ਵਿੱਚ 15 ਬੀਬੀਆਂ ਵੀ ਸ਼ਾਮਲ ਹਨ। ਸ਼ਹੀਦ ਕਿਸਾਨ ਵਾਰਿਸ ਬੀਤੀ 6 ਫਰਵਰੀ ਨੂੰ ਲੰਬੀ ’ਚ ਸੜਕ ਜਾਮ ਮਗਰੋਂ ਭੁੱਚੋ ਮੰਡੀ ਨੇੜਲੇ ਇੱਕ ਪੈਟਰੋਲ ਪੰਪ ‘ਤੇ ਖੇਤੀਬਾੜੀ ਮੰਤਰੀ ਨਾਲ ਹੋਈ ਮੀਟਿੰਗ (ਬੇਸਿੱਟਾ) ਤੋਂ ਬੇਹੱਦ ਖਫ਼ਾ ਹਨ। ਵਾਰਿਸਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਐਲਾਨੀ ਨੌਕਰੀ ਤੇ ਮੁਆਵਜ਼ਾ ਤਾਂ ਦੂਰ ਤਿਲੰਗਾਨਾ ਸਰਕਾਰ ਵੱਲੋਂ ਭੇਜੇ 3-3 ਲੱਖ ਰੁਪਏ ਦੇ ਮੁਆਵਜ਼ੇ ਦੀ ਅਮਾਨਤ ਵਾਰਿਸਾਂ ਵਿੱਚ ਤਕਸੀਮ ਨਹੀਂ ਕੀਤੀ ਜਾ ਰਹੀ। ਕਿਸਾਨ ਬਲਵੀਰ ਸ਼ਰਮਾ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਾਲ ਪੰਜ ਮੀਟਿੰਗਾਂ ਬੇਸਿੱਟਾ ਰਹਿ ਚੁੱਕੀਆਂ ਹਨ। ਖ਼ਬਰ ਲਿਖੇ ਜਾਣ ਤੱਕ ਸ਼ਹੀਦ ਕਿਸਾਨਾਂ ਦੇ ਵਾਰਿਸ ਪੁਲਿਸ ਵੱਲੋਂ ਅਪੀਲ ’ਤੇ ਐੱਨਐੱਚ- 9 ਕੰਢੇ ਧਰਨੇ ’ਤੇ ਸਨ ਅਤੇ ਸੜਕ ਆਵਾਜਾਈ ਖੋਲ੍ਹ ਦਿੱਤੀ ਸੀ। -ਪੱਤਰ ਪ੍ਰੇਰਕ

ਕਿਸਾਨ ਬੀਬੀਆਂ ਨੇ ‘ਮਾਨ ਸਰਕਾਰ’ ਨੂੰ ਚੇਤੇ ਕਰਵਾਏ ਚੋਣ ਵਾਅਦੇ

ਮੋਗਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਖਦੇ ਕਿਸਾਨੀ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਡਟਵੇਂ ਸੰਘਰਸ਼ ਦੇ ਦਿਨ ਰਾਤ ਦੇ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਪੱਕੇ ਮੋਰਚੇ ’ਚ ਅੱਜ ਚੌਥੇ ਦਿਨ ਕਿਸਾਨ ਬੀਬੀਆਂ ਡਟੀਆਂ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਜਥੇਬੰਦੀ ਦੀ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਚਰਨਜੀਤ ਕੌਰ ਕੁੱਸਾ ਅਤੇ ਸੁਬਾਈ ਆਗੂ ਸੁਖਦੇਵ ਸਿੰਘ ਕੋਕਰੀ ਤੇ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀ ਬਣਾਉਣ ਪ੍ਰਤੀ ਕੀਤੀ ਵਾਅਦਾਖਿਲਾਫ਼ੀ ਅਤੇ ਭਖਦੇ ਕਿਸਾਨੀ ਮਸਲਿਆਂ ਪ੍ਰਤੀ ਕਿਸਾਨਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕੀਤੀ ਕਿ ਕਿਸਾਨ ਪੱਖੀ ਨਵੀਂ ਖੇਤੀ ਨੀਤੀ ਲਿਆਦੀ ਜਾਵੇ, ਝੋਨੇ ਦੀ ਖੇਤੀ ਹੇਠੋਂ ਰਕਬਾ ਘਟਾਉਣ ਨੂੰ ਯਕੀਨੀ ਬਣਾਇਆ ਜਾਵੇ, ਬਦਲਵੀਆਂ ਫ਼ਸਲਾਂ ਦੀ ਪੈਦਾਵਾਰ ਅਤੇ ਖਰੀਦ ਨੂੰ ਯਕੀਨੀ ਕਰਨ ਲਈ ਢੁੱਕਵੀਂ ਬਜਟ ਰਾਸ਼ੀ ਦੇ ਪ੍ਰਬੰਧ ਕੀਤੇ ਜਾਣ।

Advertisement
Author Image

joginder kumar

View all posts

Advertisement
Advertisement
×