For the best experience, open
https://m.punjabitribuneonline.com
on your mobile browser.
Advertisement

ਤਿੰਨ ਹਫ਼ਤਿਆਂ ਤੋਂ ਫਸਲ ਨਾਲ ਮੰਡੀਆਂ ’ਚ ਬੈਠੇ ਨੇ ਕਿਸਾਨ

10:12 AM Oct 22, 2024 IST
ਤਿੰਨ ਹਫ਼ਤਿਆਂ ਤੋਂ ਫਸਲ ਨਾਲ ਮੰਡੀਆਂ ’ਚ ਬੈਠੇ ਨੇ ਕਿਸਾਨ
ਟੌਲ ਪਲਾਜ਼ਾ ਲਹਿਰਾ ਬੇਗਾ ’ਤੇ ਧਰਨਾ ਦੇ ਰਹੇ ਕਿਸਾਨ
Advertisement

ਸ਼ਗਨ ਕਟਾਰੀਆ
ਬਠਿੰਡਾ, 21 ਅਕਤੂਬਰ
ਝੋਨੇ ਦੀ ਮੱਠੀ ਸਰਕਾਰੀ ਖ਼ਰੀਦ ਨੂੰ ਗਤੀਸ਼ੀਲ ਕਰਨ ਦੀ ਮੰਗ ਨਾਲ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਰੋਸ ਪ੍ਰਦਰਸ਼ਨ ਅੱਜ ਚੌਥੇ ਦਿਨ ਵੀ ਜਾਰੀ ਰਹੇ। ਬਠਿੰਡਾ ਜ਼ਿਲ੍ਹੇ ਅੰਦਰ ਅੱਜ ਵੀ ਚਾਰ ਪਲਾਜ਼ੇ ਟੌਲ ਮੁਕਤ ਰਹੇ। ਇਸ ਤੋਂ ਇਲਾਵਾ ‘ਆਪ’ ਦੇ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਰਾਮੁਪੁਰਾ ਦੇ ਬਲਕਾਰ ਸਿੱਧੂ, ਮੌੜ ਦੇ ਸੁਖਵੀਰ ਸਿੰਘ, ਤਲਵੰਡੀ ਸਾਬੋ ਦੇ ਪ੍ਰੋ. ਬਲਜਿੰਦਰ ਕੌਰ ਤੋਂ ਇਲਾਵਾ ਭਾਜਪਾ ਆਗੂ ਜਗਦੀਪ ਸਿੰਘ ਨਕੱਈ ਦੇ ਘਰਾਂ ਅੱਗੇ ਵੀ ਧਰਨਾ ਪ੍ਰਦਰਸ਼ਨ ਚੱਲਦੇ ਰਹੇ। ਯੂਨੀਅਨ ਦੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਆਗੂ ਹਰਜਿੰਦਰ ਬੱਗੀ, ਜਗਦੇਵ ਜੋਗੇਵਾਲਾ, ਜਗਸੀਰ ਝੁੰਬਾ, ਹਰਿੰਦਰ ਕੌਰ ਬਿੰਦੂ, ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਨੇ ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕੀਤਾ।

Advertisement

ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਨੇੜੇ ਮੋਰਚੇ ਚ ਡਟੀਆਂ ਕਿਸਾਨ ਬੀਬੀਆਂ।

ਬੁਲਾਰਿਆਂ ਨੇ ਬੀਤੇ ਦਿਨ ਖੁਰਾਕ ਅਤੇ ਸਪਲਾਈ ਵਿਭਾਗ ਪੰਜਾਬ ਦੇ ਮੰਤਰੀ ਵੱਲੋਂ ਮੰਡੀਆਂ ’ਚ ਪੁੱਜੇ ਝੋਨੇ ’ਚ 90 ਫੀਸਦ ਦੀ ਖ਼ਰੀਦ ਕਰਨ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਹਕੀਕਤ ’ਚ ਕਿਸਾਨ 15-18 ਦਿਨਾਂ ਤੋਂ ਮੰਡੀਆਂ ’ਚ ਰੁਲ ਰਹੇ ਹਨ।ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਅਨਾਜ ਦੀ ਸਰਕਾਰੀ ਖਰੀਦ ਬੰਦ ਕਰਕੇ, ਖੁੱਲ੍ਹੀ ਮੰਡੀ ਦੇ ਹਵਾਲੇ ਕਰਨ ਦੇ ਦੋਸ਼ ਲਾਏ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਪੂਰੇ ਐੱਮਐੱਸਪੀ ’ਤੇ ਨਿਰਵਿਘਨ ਖ਼ਰੀਦ ਚਾਲੂ ਕੀਤੀ ਜਾਵੇ, ਘੱਟ ਮੁੱਲ ’ਤੇ ਵਿਕੇ ਝੋਨੇ ਦੀ ਪੂਰੀ ਕੀਮਤ ਅਦਾ ਕੀਤੀ ਜਾਵੇ, ਪੀਆਰ 126 ਕਿਸਮ ਦੇ ਝੋਨੇ ਦੀ ਪੂਸਾ 44 ਨਾਲੋਂ ਘੱਟ ਝਾੜ ਹੋਣ ਕਾਰਣ ਘੱਟ ਵੱਟਤ ਦੀ ਰਕਮ ਦੀ ਅਦਾਇਗੀ ਕੀਤੀ ਜਾਵੇ, ਬਾਸਮਤੀ ਦਾ ਐੱਮਐੱਸਪੀ ਮਿਥਿਆ ਜਾਵੇ, 22 ਪ੍ਰਤੀਸ਼ਤ ਵਾਲੇ ਝੋਨੇ ਦੀ ਖ਼ਰੀਦ ਕੀਤੀ ਜਾਵੇ, ਦਾਗੀ ਦਾਣਿਆਂ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ, ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਦਿੱਤੀਆਂ ਜਾਣ।
ਬਰਨਾਲਾ (ਪਰਸ਼ੋਤਮ ਬੱਲੀ):  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਪੱਧਰੀ ਸੱਦੇ ’ਤੇ ਝੋਨੇ ਦੀ ਫ਼ਸਲ ਦੇ ਦਰੁਸਤ ਖਰੀਦ ਪ੍ਰਬੰਧਾਂ ਤੇ ਡੀਏਪੀ ਦੀ ਲੋੜ ਅਨੁਸਾਰ ਸਪਲਾਈ ਯਕੀਨੀ ਬਣਾਉਣ ਦੀ ਮੰਗ ਬਾਰੇ ‘ਆਪ’ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਨੇੜੇ ਲੱਗਾ ਦਿਨ ਰਾਤ ਦਾ ਮੋਰਚਾ ਅੱਜ ਵੀ ਜੋਸ਼ੋਖਰੋਸ਼ ਨਾਲ ਜਾਰੀ ਰਿਹਾ।ਬੁਲਾਰਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਕਹਿੰਦੇ ਸੀ ਕਿ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਂਵਾਂ ਸੱਥਾਂ ਵਿੱਚ ਸੁਣੀਆਂ ਜਾਇਆ ਕਰਨਗੀਆਂ। ਕਿਸੇ ਕਿਸਮ ਕੋਈ ਹੋਰ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਪਰ ਹੁਣ ਹੱਕ ਮੰਗਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਆਮ ਲੋਕਾਂ ’ਤੇ ਡੰਡੇ ਵਰ੍ਹਾਏ ਜਾ ਰਹੇ ਹਨ। ਸਰਕਾਰਾਂ ਝੋਨੇ ਦੀ ਸਰਕਾਰੀ ਖਰੀਦ ਤੋਂ ਆਨੇ ਬਹਾਨੇ ਭੱਜਣ ਦੀ ਲੀਹ ’ਤੇ ਹਨ ਤਾਂ ਕਿ ਵਪਾਰੀ ਤੇ ਕਾਰਪੋਰੇਟ ਘਰਾਣੇ ਖੇਤੀ ਜਿਣਸਾਂ ਕੌਡੀਆਂ ਦੇ ਭਾਅ ਲੁੱਟ ਸਕਣ। ਆਗੂਆਂ ਸਰਕਾਰਾਂ ਤੋਂ ਮੰਗਾਂ ਦੀ ਫੌਰੀ ਪੂਰਤੀ ਮੰਗੀ।

Advertisement

ਧਰਨਿਆਂ ਵਿੱਚ ਕਿਸਾਨ ਬੀਬੀਆਂ ਦੀ ਗਿਣਤੀ ਵਧੀ

ਮਾਨਸਾ (ਜੋਗਿੰਦਰ ਸਿੰਘ ਮਾਨ):

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵਿਛਾਈਆਂ ਦਰੀਆਂ ਉੱਤੇ ਪਿੰਡਾਂ ਦੀਆਂ ਕਿਸਾਨ/ਮਜ਼ਦੂਰ ਬੀਬੀਆਂ ਵੀ ਬੈਠਣ ਲਈ ਅੱਗੇ ਆ ਗਈਆਂ ਹਨ। ਅੱਜ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੇ ਘਰ ਨੇੜੇ ਝੋਨੇ ਦੀ ਖਰੀਦ ਨੂੰ ਲੈਕੇ ਕਿਸਾਨ ਜਥੇਬੰਦੀ ਵੱਲੋਂ ਸ਼ੁਰੂ ਕੀਤੇ ਮੋਰਚੇ ਵਿੱਚ ਕਿਸਾਨ/ਮਜ਼ਦੂਰ ਔਰਤਾਂ ਯੂਨੀਅਨ ਦੇ ਝੰਡੇ ਚੁੱਕ ਸ਼ਾਮਲ ਹੋਈਆਂ। ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨ ਅਤੇ ਕਿਸਾਨ ਬੀਬੀਆਂ ਝੋਨੇ ਦੀ ਖਰੀਦ ਦੇ ਮਸਲੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਭੱਜਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਚੁੱਕਣ ਲਈ ਸਰਕਾਰ ਨੂੰ ਮਜ਼ਬੂਰ ਕਰ ਦੇਣਗੇ। ਉਨਾਂ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਰੁਲ ਰਹੀ ਹੈ, ਕਿਸਾਨਾਂ ਕੋਲ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਪਰਾਲੀ ਸਾੜਨੀ ਪੈਂਦੀ ਹੈ ਅਤੇ ਸਰਕਾਰ ਪਰਚੇ ਪਾਉਣ ਦੇ ਕਿਸਾਨਾਂ ਨੂੰ ਡਰਾਵੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਅਗਲੀ ਫਸਲ ਬੀਜਣ ਲਈ ਡੀਏਪੀ ਦੀ ਇੱਕ ਵੀ ਬੋਰੀ ਕਿਸਾਨਾਂ ਨੂੰ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਅਜਿਹੀ ਹਾਲਤ ਦੋਵੇਂ ਸਰਕਾਰਾਂ ਨੇ ਜਾਣ ਬੁੱਝ ਕੇ ਪੈਦਾ ਕੀਤੀ ਹੈ ਜਿਸ ਦੇ ਸਿੱਟੇ ਵੀ ਦੋਵਾਂ ਨੂੰ ਭੁਗਤਣੇ ਪੈਣਗੇ। ਕਿਸਾਨ ਆਗੂ ਨੇ ਕਿਹਾ ਕਿ ਝੋਨੇ ਦੀ ਫਸਲ ਖੇਤ ਵਿੱਚ ਲਾਉਣ ਵੇਲੇ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਉਹ ਵੱਧ ਪਾਣੀ ਲੈਣ ਵਾਲੀਆਂ ਕਿਸਮਾਂ ਦਾ ਖਹਿੜਾ ਛੱਡਕੇ 126 ਕਿਸਮ ਅਤੇ ਹੋਰਨਾਂ ਕਿਸਮਾਂ ਦਾ ਝੋਨਾ ਖੇਤਾਂ ਵਿੱਚ ਲਾਉਣ ਜਿਸ ਦਾ ਦਾਣਾ-ਦਾਣਾ ਸਰਕਾਰ ਮੰਡੀਆਂ ਵਿੱਚੋਂ ਚੁੱਕੇਗੀ, ਪਰ ਹੁਣ ਸਰਕਾਰ ਵੱਲੋਂ ਕਹਿਕੇ ਲਵਾਈਆਂ ਕਿਸਮਾਂ ਤੋਂ ਵੀ ਖਰੀਦਣ ਲਈ ਹੱਥ ਖਿੱਚਿਆ ਜਾ ਰਿਹਾ ਹੈ।

ਕਿਸਾਨ ਆਗੂਆਂ ਵੱਲੋਂ ਮਲੋਟ ਅਨਾਜ ਮੰਡੀ ਦਾ ਜਾਇਜ਼ਾ

ਮਲੋਟ (ਲਖਵਿੰਦਰ ਸਿੰਘ):

ਖਰੀਦ ਪ੍ਰਬੰਧਾਂ ਬਾਰੇ ਉੱਪ ਮੰਡੀਆਂ ਦੇ ਨਾਲ-ਨਾਲ, ਮੁੱਖ ਮੰਡੀ ਮਲੋਟ ਦੇ ਹਲਾਤ ਵੀ ਮਾੜੇ ਹੀ ਹਨ। ਅੱਜ ਮੀਟਿੰਗ ਉਪਰੰਤ ਦਾਣਾ ਮੰਡੀ ਵਿੱਚ ਇਕੱਤਰ ਹੋਏ ਸੰਯੁਕਤ ਕਿਸਾਨ ਮੌਰਚੇ ਦੇ ਆਗੂਆਂ ਲਖਣਪਾਲ ਸ਼ਰਮਾ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ, ਇੰਦਰਜੀਤ ਸਿੰਘ, ਨਛੱਤਰ ਸਿੰਘ ਨੇ ਕਿਹਾ ਕਿ ਮੰਡੀ ’ਚ ਝੋਨਾ ਸੁੱਕ ਰਿਹਾ ਹੈ, ਨਮੀਂ ਵੀ ਨਿਰਧਾਰਤ ਮਾਪਦੰਡਾਂ ਦੇ ਅਨੁਕੂਲ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਨੂੰ ਕੇਵਲ ਪ੍ਰੇਸ਼ਾਨ ਹੀ ਨਹੀਂ ਕੀਤਾ ਜਾ ਰਿਹਾ, ਸਗੋਂ ਲੰਮਾ ਸਮਾਂ ਉਡੀਕ ਕਰਵਾ ਕੇ ਉਨ੍ਹਾਂ ਤੋਂ ਕਾਟ ਵਸੂਲੀ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਦਾ ਨਵੀਂ ਮੀਟਰ ਰੀਡਿੰਗ ਹੋਰ ਦਸਦਾ ਹੈ, ਜਦਕਿ ਮਹਿਕਮੇ ਦਾ ਹੋਰ। ਇਨ੍ਹਾਂ ਵਿੱਚ ਲਗਪਗ ਚਾਰ ਅੰਕਾਂ ਦਾ ਫ਼ਰਕ ਹੈ। ਉਹਨਾਂ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜੇਕਰ ਕਿਸਾਨ ਕਾਟ ਦੇਣ ਲਈ ਰਾਜੀ ਹੋ ਜਾਵੇ ਤਾਂ ਉਸ ਦਾ ਝੋਨਾ ਰੱਖਣ ਲਈ ਸ਼ੈਲਰ ਆਦਿ ਵਿੱਚ ਖਾਲੀ ਥਾਂ ਵੀ ਨਿਕਲ ਆਉਂਦੀ ਹੈ ਤੇ ਹੱਥੋ-ਹੱਥੀਂ ਉਸ ਕਿਸਾਨ ਨੂੰ ਵਿਹਲਾ ਵੀ ਕਰ ਦਿੱਤਾ ਜਾਂਦਾ ਹੈ, ਜਦਕਿ ਬਹੁਤੇ ਕਿਸਾਨ 10-10 ਦਿਨਾਂ ਤੋਂ ਮੰਡੀ ਚ ਬੈਠੇ ਹਨ ਇਸ ਉਪਰੰਤ ਕਿਸਾਨ ਆਗੂਆਂ ਨੇ ਲਖਣਪਾਲ ਸ਼ਰਮਾ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਨੂੰ ਆਪਣਾ ਮੰਗ ਪੱਤਰ ਸੌਂਪਿਆ।

Advertisement
Author Image

joginder kumar

View all posts

Advertisement