ਮਾਛੀਵਾੜਾ ਮੰਡੀ ’ਚ ਦੋ ਹਫ਼ਤਿਆਂ ਤੋਂ ਬੈਠੇ ਕਿਸਾਨ ਹੋ ਰਹੇ ਨੇ ਖੁਆਰ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਅਕਤੂਬਰ
ਇੱਥੇ ਸਥਾਨਕ ਅਨਾਜ ਮੰਡੀ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਰਕੁਨਾਂ ਵੱਲੋਂ ਫ਼ਸਲ ਵੇਚਣ ਲਈ ਆਏ ਕਿਸਾਨਾਂ ਦੀ ਸਾਰ ਲਈ ਗਈ ਜਿਸ ਦੌਰਾਨ ਉੱਥੇ ਬੈਠੇ ਕਿਸਾਨ ਬੇਹੱਦ ਪ੍ਰੇਸ਼ਾਨ ਨਜ਼ਰ ਆਏ। ਕਿਸਾਨ ਜਥੇਬੰਦੀ ਦੇ ਆਗੂ ਸੁਪਿੰਦਰ ਸਿੰਘ ਬੱਗਾ ਨੇ ਕਿਹਾ ਕਿ ਅੱਜ ਮਾਛੀਵਾੜਾ ਮੰਡੀ ਵਿੱਚ ਗੁਰਬਚਨ ਸਿੰਘ ਵਾਸੀ ਕਮਾਲਪੁਰ ਮੰਡ ਪਿਛਲੇ 14 ਦਿਨਾਂ ਤੋਂ ਮੰਡੀ ਵਿੱਚ ਫਸਲ ਵੇਚਣ ਆਇਆ ਹੋਇਆ ਹੈ ਅਤੇ ਜਦੋਂ ਉਸਦੀ ਫ਼ਸਲ ਦੀ ਨਮੀ ਮਾਤਰਾ ਜਾਂਚੀ ਗਈ ਤਾਂ ਇਹ 14 ਰਹਿ ਗਈ ਹੈ ਜਦਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ 17 ਫੀਸਦੀ ਨਮੀ ਵਾਲਾ ਝੋਨਾ ਤੁਰੰਤ ਖਰੀਦਿਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿੱਚ ਹੋਰ ਵੀ ਅਜਿਹੇ ਕਈ ਕਿਸਾਨ ਹਨ ਜਿਨ੍ਹਾਂ ਦੀ ਫ਼ਸਲ ਨੂੰ ਵਾਰ-ਵਾਰ ਪੱਖਾ ਲਗਾ ਕੇ ਨਮੀ ਦੀ ਮਾਤਰਾ 17 ਤੋਂ ਥੱਲੇ ਤੱਕ ਲਿਆਂਦਾ ਗਿਆ ਪਰ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਣ ਦੇ ਬਾਵਜੂਦ ਫ਼ਸਲ ਦੀ ਤੁਲਾਈ ਨਹੀਂ ਹੋਈ।
ਇਸ ਦੌਰਾਨ ਕਿਸਾਨ ਆਗੂ ਸੁਪਿੰਦਰ ਸਿੰਘ ਨੇ ਕਿਹਾ ਕਿ ਸ਼ੈਲਰ ਮਾਲਕਾਂ ਦਾ ਰੇੜਕਾ ਕੇਂਦਰ ਤੇ ਪੰਜਾਬ ਸਰਕਾਰ ਨਾਲ ਹੈ, ਪਰ ਖਮਿਆਜ਼ਾ ਸੂਬੇ ਦਾ ਕਿਸਾਨ ਭੁਗਤ ਰਿਹਾ ਹੈ ਅਤੇ ਉਹ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੇ ਇਹੋ ਹਾਲਾਤ ਰਹੇ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਵੱਡਾ ਸੰਘਰਸ਼ ਉਲੀਕਣ ਦੀ ਤਿਆਰੀ ਕੀਤੀ ਹੋਈ ਹੈ। ਇਸ ਮੌਕੇ ਉਨ੍ਹਾਂ ਨਾਲ ਰਵਿੰਦਰ ਸਿੰਘ ਨਾਗਰਾ ਮੌਜੂਦ ਸਨ।
ਕਿਸਾਨਾਂ ਵੱਲੋਂ ਮੰਡੀਆਂ ’ਚ ਲੁੱਟ ਖ਼ਿਲਾਫ਼ ਤਾੜਨਾ
ਜਗਰਾਉਂ: ਚੌਕੀਮਾਨ ਟੌਲ ਪਲਾਜ਼ਾ ’ਤੇ ਗਿਆਰਾਂ ਦਿਨ ਤੋਂ ਚੱਲ ਰਹੇ ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ ਹੋਰਨਾਂ ਨੇ ਸਰਕਾਰ ਨੂੰ ਕਿਸਾਨਾਂ ਦੀ ਲੁੱਟ ਖ਼ਿਲਾਫ਼ ਚਿਤਾਵਨੀ ਦਿੱਤੀ। ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਯਾਦ ਕੀਤਾ ਗਿਆ ਜਿਸ ਉਪਰੰਤ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵਿਸ਼ਵ ਵਪਾਰ ਦੀਆਂ ਨੀਤੀਆਂ ਲਾਗੂ ਕਰਕੇ ਫ਼ਸਲਾਂ ਖਰੀਦ ਤੋਂ ਟਾਲਾ ਵੱਟ ਰਹੀ ਹੈ। ਇਸ ਤਹਿਤ ਫ਼ਸਲਾਂ ਨੂੰ ਘੱਟ ਭਾਅ ’ਤੇ ਲੁੱਟਿਆ ਜਾ ਰਿਹਾ ਹੈ ਜਦਕਿ ਲਾਗਤ ਖਰਚੇ ਵਧ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਫੱਲੇਵਾਲ, ਗੁਰਪ੍ਰੀਤ ਸਿੰਘ ਨੂਰਪੁਰਾ, ਅਜੀਤਪਾਲ ਸਿੰਘ ਬੁਢੇਲ, ਤੀਰਥ ਸਿੰਘ ਤਲਵੰਡੀ, ਪਰਵਾਰ ਸਿੰਘ ਗਾਲਿਬ, ਮਨਜੀਤ ਸਿੰਘ ਬੁੜੈਲ, ਮਨਜੀਤ ਸਿੰਘ ਰਾਏਕੋਟ, ਔਰਤ ਆਗੂ ਅਮਰਜੀਤ ਕੌਰ ਮਾਜਰੀ, ਬਚਿੱਤਰ ਸਿੰਘ ਤਲਵੰਡੀ, ਕਲਵੰਤ ਸਿੰਘ ਗਾਲਿਬ, ਗੁਰਚਰਨ ਸਿੰਘ ਗਾਲਿਬ ਤੇ ਪਰਮਜੀਤ ਸਿੰਘ ਗਿੱਲ ਆਦਿ ਨੇ ਕਿਹਾ ਕਿ ਐਂਤਕੀ ਸਰਕਾਰੀ ਨੀਤੀਆਂ ਤਹਿਤ ਝੋਨੇ ਦੀ ਖਰੀਦ ਨਾ ਕਰਨ ਤੇ ਕਿਸਾਨਾਂ ਨੂੰ ਮੰਡੀਆਂ ’ਚ ਰੋਲਣ ਨਾਲ ਤਿਉਹਾਰ ਵੀ ਫਿੱਕੇ ਰਹਿਣਗੇ। ਛੋਟੇ ਕਾਰੋਬਾਰੀ ਵੀ ਇਸ ਦਾ ਸੇਕ ਝੱਲਣਗੇ। -ਨਿੱਜੀ ਪੱਤਰ ਪ੍ਰੇਰਕ
ਟੌਲ ਪਲਾਜ਼ਿਆਂ ’ਤੇ ਰੋਸ ਮੁਜ਼ਾਹਰੇ ਜਾਰੀ
ਪਾਇਲ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਭਰ ’ਚ ਝੋਨੇ ਦੀ ਖ਼ਰੀਦ ਨਿਰਵਿਘਨ ਤੇ ਲਿਫਟਿੰਗ ਕਰਵਾਉਣ ਲਈ ਦਸਵੇਂ ਦਿਨ ਵੀ ਟੌਲ ਪਲਾਜ਼ਾ ਮੁਫ਼ਤ ਕਰਵਾਉਣ ਲਈ ਧਰਨੇ ਜਾਰੀ ਹਨ। ਅੱਜ ਦਾ ਦਿਨ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰ ਕੇ ਸ਼ੁਰੂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵਿਸ਼ਵ ਵਪਾਰ ਦੀਆਂ ਨੀਤੀਆਂ ਲਾਗੂ ਕਰ ਕੇ ਫ਼ਸਲਾਂ ਖਰੀਦ ਕਰਨ ਤੋਂ ਟਾਲਾ ਵੱਟ ਰਹੇ ਹਨ, ਜਿਸ ਤਹਿਤ ਫ਼ਸਲਾਂ ਨੂੰ ਘੱਟ ਭਾਅ ’ਤੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਗਤ ਖਰਚੇ ਵੱਧ ਰਹੇ ਹਨ ਜਿਸ ਤਹਿਤ ਕਿਸਾਨਾਂ ਨੂੰ ਖੇਤੀ ’ਚੋਂ ਬਾਹਰ ਕੱਢਣ ਦੀ ਤਿਆਰੀ ਹੈ। ਅੱਜ ਦੇ ਧਰਨੇ ਨੂੰ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਰਾਜਿੰਦਰ ਸਿੰਘ ਸਿਆੜ੍ਹ ਜ਼ਿਲ੍ਹਾ ਖਜ਼ਾਨਚੀ, ਬਲਵੰਤ ਸਿੰਘ ਘੁਡਾਣੀ, ਜਸਵੀਰ ਸਿੰਘ ਅਸ਼ਗਰੀਪੁਰ, ਰੁਪਿੰਦਰ ਸਿੰਘ ਜੋਗੀਮਾਜਰਾ, ਬੁੱਧ ਸਿੰਘ ਬਰਮਾਲੀਪੁਰ ਤੇ ਪਰਮਜੀਤ ਸਿੰਘ ਘਲੋਟੀ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ