ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ
ਕੁਲਰੀਆਂ ਜ਼ਮੀਨੀ ਵਿਵਾਦ
ਪੱਤਰ ਪ੍ਰੇਰਕ
ਮਾਨਸਾ, 5 ਅਕਤੂਬਰ
ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ ਅਬਾਦਕਾਰਾਂ ਕਿਸਾਨਾਂ ਨੂੰ ਜ਼ਮੀਨੀ ਹੱਕ ਦਿਵਾਉਣ ਲਈ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਕੁਲਰੀਆਂ ’ਚ ਲਾਏ ‘ਜ਼ਮੀਨ ਬਚਾਓ ਮੋਰਚੇ’ ਦੇ ਪੰਜਵੇਂ ਗੇੜ ’ਚ ਕਿਸਾਨਾਂ ਦੇ ਕਾਫ਼ਲੇ ਅੱਜ ਵੱਡੀ ਗਿਣਤੀ ਵਿੱਚ ਪੁੱਜੇ। ਬਾਅਦ ਦੁਪਹਿਰ ਮਾਨਸਾ ਤੋਂ ਇਲਾਵਾ ਮੋਗਾ, ਬਰਨਾਲਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਅਹਿਦ ਦੁਹਰਾਇਆ।
ਕੁਲਰੀਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਵਿੱਢੇ ਹੋਏ ਸੰਘਰਸ਼ ਦੌਰਾਨ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਸੂਬਾਈ ਆਗੂ ਕੁਲਵੰਤ ਸਿੰਘ ਕ੍ਰਿਸ਼ਨਗੜ੍ਹ ਨੇ ਕਿਹਾ ਕਿ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਬੇਸ਼ੱਕ ਮੀਟਿੰਗ ਦੌਰਾਨ ਮਸਲੇ ਦੇ ਹੱਲ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ ਅਤੇ ਉਹ ਸਮਾਂ ਬੀਤਣ ਦੇ ਬਾਵਜੂਦ ਮਾਨਸਾ ਪ੍ਰਸ਼ਾਸਨ ਨੇ ਮੁੜ ਜਥੇਬੰਦੀ ਨੂੰ ਮੀਟਿੰਗ ਲਈ ਨਹੀਂ ਬੁਲਾਇਆ ਹੈ, ਜਿਸ ਤੋਂ ਜਾਪਦਾ ਹੈ ਕਿ ਪ੍ਰਸ਼ਾਸਨ ਤੋਂ ਕੋਈ ਵੱਡੀ ਆਸ ਨਹੀਂ ਰੱਖੀ ਜਾ ਸਕਦੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਕੁਲਰੀਆਂ ਦੇ ਅਬਾਦਕਾਰ ਕਿਸਾਨ ਦਹਾਕਿਆਂ ਤੋਂ ਆਪਣੀ ਜ਼ਮੀਨ ’ਤੇ ਕਾਸ਼ਤ ਕਰਦੇ ਆ ਰਹੇ ਹਨ ਅਤੇ ਸਰਕਾਰੀ ਵਿਭਾਗ ਵੱਲੋਂ ਇਹ ਜ਼ਮੀਨ ਕਿਸਾਨਾਂ ਨੂੰ ਉਨ੍ਹਾਂ ਦੀ ਜੱਦੀ ਢੇਰੀ ਦੇ ਅਨੁਸਾਰ ਵੰਡਕੇ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤੀ ਵਿਭਾਗ ਇਸ ਨੂੰ ਪੰਚਾਇਤੀ ਦੱਸ ਕੇ ਨਾਜਾਇਜ਼ ਧੱਕਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ’ਤੇ ਕਿਸਾਨਾਂ ਦਾ ਕਬਜ਼ਾ ਬਿਲਕੁਲ ਕਾਨੂੰਨੀ ਅਤੇ ਜਾਇਜ਼ ਹੈ, ਸਰਕਾਰ ਦੇ ਇਸ ਧੱਕੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਤੇ ਜ਼ਮੀਨ ਦਾ ਰਿਸ਼ਤਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਸਰਕਾਰੀ ਸ਼ਹਿ ਪ੍ਰਾਪਤ ਭੂ-ਮਾਫੀਆ ਗਰੋਹ ਕਿਸਾਨਾਂ ਤੋਂ ਜ਼ਮੀਨ ਨਹੀਂ ਖੋ ਸਕਦੇ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਜ਼ਮੀਨੀ ਘੋਲ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 14ਵੀਂ ਬਰਸੀ ਪਿੰਡ ਕੁਲਰੀਆਂ ਵਿੱਚ ਚੱਲ ਰਹੇ ਮੋਰਚੇ ਵਿੱਚ ਮਨਾਈ ਜਾਵੇਗੀ। ਇਸ ਮੌਕੇ ਮੱਖਣ ਸਿੰਘ ਭੈਣੀਬਾਘਾ, ਦੇਵੀ ਰਾਮ ਰੰਘੜਿਆਲ, ਬਲਜਿੰਦਰ ਸਿੰਘ, ਜੋਰਾ ਸਿੰਘ ਫਰੀਦਕੋਟ, ਰਾਜੂ ਸਿੰਘ, ਬਲ ਬਹਾਦਰ ਸਿੰਘ ਮੋਗਾ, ਜਗਦੇਵ ਸਿੰਘ ਕੋਟਲੀ, ਹਰਬੰਸ ਸਿੰਘ ਟਾਂਡੀਆਂ, ਸਾਹਿਬ ਸਿੰਘ ਬਡਬਰ, ਕੁਲਵੰਤ ਸਿੰਘ ਸ਼ਹਿਣਾ ਤੇ ਬਲਵਿੰਦਰ ਸ਼ਰਮਾ ਮਲਕਪੁਰ ਨੇ ਵੀ ਸੰਬੋਧਨ ਕੀਤਾ।