ਪਾਣੀ ਦੀ ਨਿਕਾਸੀ ਲਈ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ
ਭਗਵਾਨ ਦਾਸ ਗਰਗ
ਨਥਾਣਾ, 14 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਗੁਰਮੇਲ ਸਿੰਘ, ਬਹਾਦਰ ਸਿੰਘ ਅਤੇ ਜਸਵੰਤ ਸਿਘ ਗੋਰਾ ਨੇ ਪਾਣੀ ਦੀ ਨਿਕਾਸੀ ਲਈ ਇੱਥੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਾਣੀ ਦੇ ਨਿਕਾਸੀ ਪ੍ਰਬੰਧਾਂ ਲਈ ਅਪਣਾਈ ਜਾ ਰਹੀ ਟਾਲ-ਮਟੋਲ ਵਾਲੀ ਨੀਤੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਭੁਲੇਖਾ ਹੈ ਕਿ ਤਿਉਹਾਰ, ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਦਾ ਕੰਮ ਜ਼ੋਰ ਫੜ ਜਾਣ ਦੀ ਸੂਰਤ ਵਿੱਚ ਕਿਸਾਨ ਧਰਨਾ ਮੁਲਤਵੀ ਕਰ ਦੇਣਗੇ। ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਧਰਨਾ ਕਿਸੇ ਵੀ ਹਾਲਤ ਵਿੱਚ ਮੁਲਤਵੀ ਕਰਨ ਦੀ ਥਾਂ ਲਗਾਤਾਰ ਜਾਰੀ ਰਹੇਗਾ। ਜਾਣਕਾਰੀ ਅਨੁਸਾਰ ਭਾਵੇ ਛੱਪੜਾਂ ’ਚੋਂ ਪਾਣੀ ਕੱਢਣ ਦੇ ਵੀ ਯਤਨ ਹਨ ਪਰ ਪਾਣੀ ਦੀ ਮਾਤਰਾ ਕਾਫ਼ੀ ਵੱਧ ਹੋਣ ਕਰਕੇ ਹਾਲੇ ਪੋਕਲੇਨ ਮਸ਼ੀਨ ਅਗਲੇ ਕੁਝ ਦਿਨ ਹੋਰ ਚੱਲਣ ਦੀ ਉਮੀਦ ਨਹੀਂ। ਇਸ ਤਰ੍ਹਾਂ ਮਸ਼ੀਨ ਨਾ ਚੱਲਣ ਦੀ ਸੂਰਤ ਵਿੱਚ ਵੀ ਖਰਚਾ ਪੈ ਰਿਹਾ। ਪੱਕਾ ਮੋਰਚਾ ਅੱਜ 32ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਆਪਣੀ ਦ੍ਰਿੜਤਾ ਮੁੜ ਦੁਹਰਾਹੀ ਕਿ ਪਾਣੀ ਦੀ ਨਿਕਾਸੀ ਦੇ ਪੱਕੇ ਹੱਲ ਦਾ ਕੰਮ ਸ਼ੁਰੂ ਹੋਣ ਤੱਕ ਇਹ ਧਰਨਾ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਬੁਲਾਰਿਆਂ ਨੇ ਸਿਆਸੀ ਪਾਰਟੀਆਂ ਦੇ ਸਥਾਨਕ ਆਗੂਆਂ ਨੂੰ ਵੀ ਇਸ ਸਾਂਝੇ ਕੰਮ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।