ਪਾਵਰਕੌਮ ਦਫ਼ਤਰ ਅੱਗੇ ਕਿਸਾਨਾਂ ਦਾ ਮਰਨ ਵਰਤ ਸ਼ੁਰੂ
ਪੱਤਰ ਪ੍ਰੇਰਕ
ਪਟਿਆਲਾ 9 ਜੂਨ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਬਿਜਲੀ ਨਿਗਮ) ਨਾਲ ਸਬੰਧਤ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗ਼ੈਰਰਾਜਨੀਤਕ ਵਿੱਚ ਸ਼ਾਮਲ 16 ਜਥੇਬੰਦੀਆਂ ਵੱਲੋਂ ਆਰੰਭੇ ਗਏ ਧਰਨੇ ਤਹਿਤ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਪੰਜੋਲਾ, ਤਰਸੇਮ ਸਿੰਘ ਗਿੱਲ, ਸੁਖਜੀਤ ਸਿੰਘ ਹਰਦੋ ਝੰਡੇ ਮਰਨ ਵਰਤ ‘ਤੇ ਬੈਠ ਗਏ ਹਨ। ਇਸ ਮੌਕੇ ਕਿਸਾਨਾਂ ਨੇ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਸਾਰੇ ਗੇਟਾਂ ਅੱਗੇ ਟਰੈਕਟਰ ਤੇ ਟਰਾਲੀਆਂ ਲਾ ਕੇ ਗੇਟ ਬੰਦ ਕਰ ਦਿੱਤੇ, ਜਿਸ ਕਰਕੇ ਅੱਜ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਦਫ਼ਤਰ ਅੰਦਰ ਨਹੀਂ ਜਾ ਸਕਿਆ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾ ਦੇ ਗ਼ੈਰਜ਼ਿੰਮੇਵਾਰ ਰਵੱਈਏ ਕਰ ਕੇ ਉਹ ਅੱਜ ਤੋਂ ਮਰਨ ਵਰਤ ‘ਤੇ ਬੈਠ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ਤੋਂ ਕਿਸਾਨਾਂ ਨੇ ਆ ਕੇ ਇਥੇ ਧਰਨਾ ਦਿੱਤਾ ਹੈ, ਪਰ ਬਲਦੇਵ ਸਿੰਘ ਸਰਾ ਨੇ ਆ ਕੇ ਗੱਲ ਸੁਣਨੀ ਵੀ ਮੁਨਾਸਬ ਨਹੀਂ ਸਮਝੀ। ਕਿਸਾਨ ਆਗੂਆਂ ਨੇ ਕਿਹਾ ਕਿ 18 ਮਈ 2022 ਤੋਂ ਲੈ ਕੇ ਅੱਜ ਤੱਕ ਮੋਰਚੇ ਦੇ ਆਗੂਆਂ ਦੀਆਂ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਹਰ ਵਾਰ ਮੰਗਾਂ ਮੰਨ ਲਈਆਂ ਜਾਣ ਦਾ ਭਰੋਸਾ ਵੀ ਦਿੱਤਾ ਗਿਆ ਹੈ, ਪਰ ਹਾਲੇ ਤੱਕ ਕਿਸੇ ਵੀ ਮੰਗ ਨੂੰ ਮੰਨਦਿਆਂ ਅਮਲ ਵਿੱਚ ਨਹੀਂ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਰੰਭੇ ਗਏ ਇਸ ਧਰਨੇ ਦੌਰਾਨ ਦਫ਼ਤਰ ਵਿੱਚ ਆਉਣ-ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ, ਜਿਸ ਕਰਕੇ ਦਫ਼ਤਰ ਦੇ ਸਟਾਫ਼ ਨੂੰ ਦੇਰ ਰਾਤ ਤੱਕ ਅੰਦਰ ਰਹਿਣਾ ਪਿਆ ਸੀ।