ਕਿਸਾਨ, ਆੜ੍ਹਤੀ, ਸ਼ੈਲਰ ਮਾਲਕ ਤੇ ਗੱਲਾ ਮਜ਼ਦੂਰ ਇੱਕਜੁੱਟ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਅਕਤੂਬਰ
ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮੰਡੀਆਂ ’ਚ ਕੰਮ ਕਰਦੇ ਮਜ਼ਦੂਰਾਂ ਦੇ ਇਕ ਮੰਚ ’ਤੇ ਆ ਜਾਣ ਨਾਲ ਨੇੜ ਭਵਿੱਖ ’ਚ ਸਰਕਾਰ ਤੇ ਪ੍ਰਸ਼ਾਸਨ ਨੂੰ ਔਖ ਹੋ ਸਕਦੀ ਹੈ। ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ’ਚ ਅੱਜ ਭਰਵੀਂ ਇਕੱਤਰਤਾ ਹੋਈ। ਇਸ ’ਚ ਇਨ੍ਹਾਂ ਚਾਰਾਂ ਵਰਗਾਂ ਦੇ ਨੁਮਾਇੰਦੇ ਸ਼ਾਮਲ ਹੋਏ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਲਕੇ ਦੇ ਚੱਕਾ ਜਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਅਨਾਜ ਮੰਡੀਆਂ ’ਚ ਝੋਨੇ ਦੀ ਹੋ ਰਹੀ ਬੇਕਦਰੀ ਖ਼ਿਲਾਫ਼ ਇਸ ਸਮੇਂ ਇਲਾਕੇ ਭਰ ’ਚੋਂ ਕਿਸਾਨਾਂ ਤੇ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਬੀਕੇਯੂ (ਡਕੌਂਦਾ) ਦੇ ਆਗੂ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਦੇ ਗੁਰਮੇਲ ਸਿੰਘ ਰੂਮੀ, ਕੰਵਲਜੀਤ ਖੰਨਾ ਤੇ ਹੋਰਨਾਂ ਦੱਸਿਆ ਕਿ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ’ਤੇ ਭਲਕੇ ਮੋਗਾ ਵਾਲੇ ਪਾਸੇ ਗੁਰਦੁਆਰਾ ਨਾਨਕਸਰ ਕਲੇਰਾਂ ਨਜ਼ਦੀਕ ਤਿੰਨ ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ। ਮੀਟਿੰਗ ’ਚ ਬੀਕੇਯੂ (ਲੱਖੋਵਾਲ) ਅਤੇ ਸ਼ੈਲਰ ਐਸੋਸੀਏਸ਼ਨ ਦੇ ਆਗੂ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ’ਚ ਸਮੱਸਿਆਵਾਂ ਤਾਂ ਬਹੁਤ ਆਈਆਂ ਪਰ ਬਾਰਾਂ ਦਿਨ ਲੰਘ ਜਾਣ ਦੇ ਬਾਵਜੂਦ ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣਾ ਦਰਸਾਉਂਦਾ ਹੈ ਕਿ ਮੋਦੀ ਤੇ ਮਾਨ ਇਕੋ ਨੀਤੀ ’ਤੇ ਕੰਮ ਕਰਦੇ ਹਨ। ਸ਼ੈਲਰ ਮਾਲਕ ਛੇ ਮਹੀਨੇ ਤੋਂ ਸ਼ੈਲਰਾਂ ’ਚੋਂ ਪਿਛਲੇ ਸੀਜ਼ਨ ਦੇ ਪਏ ਚੌਲ ਚੁੱਕਣ ਅਤੇ ਸ਼ੈਲਰ ਖਾਲੀ ਕਰਨ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਹੁਣ ਤਕ ਸਮਾਂ ਟਪਾਉਂਦੀ ਆਈ। ਹੁਣ ਹਾਲਾਤ ਇਹ ਬਣ ਗਏ ਹਨ ਕਿ ਮੰਡੀਆਂ ’ਚ ਝੋਨੇ ਦਾ ਭਾਅ ਨਹੀਂ ਲੱਗ ਰਿਹਾ ਕਿਉਂਕਿ ਝੋਨਾ ਸ਼ੈਲਰਾਂ ’ਚ ਝੋਨਾ ਲਾਉਣ ਲਈ ਥਾਂ ਨਹੀਂ ਹੈ। ਇਸ ਤਰਸਯੋਗ ਹਾਲਤ ਦੇ ਚੱਲਦਿਆਂ ਸਾਰੇ ਪੰਜਾਬ ’ਚ ਭਲਕੇ ਚੱਕਾ ਜਾਮ ਕਰਕੇ ਸਰਕਾਰਾਂ ਖ਼ਿਲਾਫ਼ ਪ੍ਰਦਰਸ਼ਨ ਹੋਣਗੇ।