ਕਿਸਾਨਾਂ ਨੇ ਬਰਨਾਲਾ ’ਚ ਖਾਦ ਲਿਜਾਣ ਦੀ ਸਰਕਾਰੀ ਕੋਸ਼ਿਸ਼ ਨਾਕਾਮ ਕੀਤੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਨਵੰਬਰ
ਇਥੇ ਅੱਜ ਮਾਲ ਗੱਡੀ ’ਚ ਮੋਗਾ ਜ਼ਿਲ੍ਹੇ ਲਈ ਆਏ ਖਾਦ ਦੇ ਰੈਕ ਨੂੰ ਅਧਿਕਾਰੀਆਂ ਵੱਲੋਂ ਜ਼ਿਮਨੀ ਚੋਣ ਵਾਲੇ ਹਲਕੇ ਬਰਨਾਲਾ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਨੇ ਇਸ ਨੂੰ ਨਾਕਾਮ ਕਰ ਦਿੱਤਾ।
ਬੀਕੇਯੂ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਲੱਖੋਵਾਲ, ਕਿਸਾਨ ਸੰਘਰਸ਼ ਕਮੇਟੀ ਤੇ ਹੋਰ ਜਥੇਬੰਦੀਆਂ ਨੂੰ ਸੂਚਨਾ ਮਿਲਣ ਮਗਰੋਂ ਲੰਘੀ ਦੇਰ ਸ਼ਾਮ ਕਿਸਾਨ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ। ਇਸ ਮੌਕੇ ਤਣਾਅ ਕਾਰਨ ਪੁਲੀਸ ਵੀ ਤਾਇਨਾਤ ਕਰ ਦਿੱਤੀ ਗਈ। ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ, ਬਲੌਰ ਸਿੰਘ ਘਾਲੀ, ਇਕਬਾਲ ਸਿੰਘ ਸਿੰਘਾਂਵਾਲਾ, ਜਗਜੀਤ ਸਿੰਘ ਮੱਦੋਕੇ, ਬੀਕੇਯੂ ਲੱਖੋਵਾਲ ਆਗੂ ਬਲਕਰਨ ਸਿੰਘ ਨੇ ਦੱਸਿਆ ਡੀਏਪੀ ਖਾਦ ਦਾ 27 ਹਜ਼ਾਰ ਤੋਂ ਵੱਧ ਗੱਟਾ ਆਇਆ ਹੈ। ਅਧਿਕਾਰੀਆਂ ਨੇ ਇਹ ਖਾਦ ਬਰਨਾਲਾ ਲਿਜਾਣ ਲਈ 40 ਟਰੱਕਾਂ ਦਾ ਇੰਤਜ਼ਾਮ ਕੀਤਾ। ਮਗਰੋਂ ਕਿਸਾਨਾਂ ਅਤੇ ਅਧਿਕਾਰੀਆਂ ਵਿਚਕਾਰ ਦੇਰ ਰਾਤ 2500 ਗੱਟਾ ਬਰਨਾਲਾ ਅਤੇ ਬਾਕੀ ਵਿੱਚੋਂ 40 ਫ਼ੀਸਦੀ ਮੋਗਾ ਜ਼ਿਲ੍ਹੇ ਦੇ ਪ੍ਰਾਈਵੇਟ ਖਾਦ ਡੀਲਰਾਂ ਤੇ 60 ਫ਼ੀਸਦੀ ਸਹਿਕਾਰੀ ਸਭਾਵਾਂ ਨੂੰ ਦੇਣ ਦੀ ਸਹਿਮਤੀ ਬਣੀ।
ਇਹ ਸਮਝੌਤਾ ਅੱਜ ਸਵੇਰੇ ਉਦੋਂ ਟੁੱਟ ਗਿਆ, ਜਦੋਂ ਖੇਤੀ ਅਧਿਕਾਰੀ ਡਾ. ਸੁਖਰਾਜ ਕੌਰ, ਬਤੌਰ ਕਾਰਜਕਾਰੀ ਮੈਜਿਸਟਰੇਟ ਪੁੱਜੇ ਡੀਆਰਓ ਲਕਸ਼ੇ ਕੁਮਾਰ ਨੇ ਕਿਸਾਨਾਂ ਨਾਲ ਦੁਬਾਰਾ ਮੀਟਿੰਗ ਕਰਕੇ ਕਿਹਾ ਕਿ ਸੂਬਾ ਸਰਕਾਰ ਸਮਝੌਤੇ ਨੂੰ ਨਹੀਂ ਮੰਨ ਰਹੀ ਅਤੇ 13 ਹਜ਼ਾਰ ਗੱਟੇ ਬਰਨਾਲਾ ਜ਼ਿਲ੍ਹੇੇ ਲਈ ਭੇਜਣ ਦਾ ਉਨ੍ਹਾਂ ’ਤੇ ਦਬਾਅ ਹੈ। ਕਿਸਾਨ ਪਹਿਲੇ ਸਮਝੌਤੇ ’ਤੇ ਕਾਇਮ ਰਹੇ। ਉਨ੍ਹਾਂ ਕਿਹਾ ਕਿ ਉਹ ਡੀਏਪੀ ਦਾ ਇਕ ਵੀ ਗੱਟਾ ਬਾਹਰ ਨਹੀਂ ਜਾਣ ਦੇਣਗੇ। ਇਸ ਮਗਰੋਂ ਕਿਸਾਨਾਂ ਨੇ ਸਮਝੌਤਾ ਰੱਦ ਕਰਦਿਆਂ ਬਰਨਾਲਾ ਜਾਣ ਲਈ ਖਾਦ ਨਾਲ ਭਰੇ ਟਰੱਕ ਵੀ ਰੋਕ ਦਿੱਤੇ। ਖੇਤੀ ਅਧਿਕਾਰੀ ਡਾ. ਸੁਖਰਾਜ ਕੌਰ ਨੇ ਕਿਹਾ ਕਿ ਦੁਪਹਿਰ ਬਾਅਦ ਕਿਸਾਨਾਂ ਤੇ ਅਧਿਕਾਰੀਆਂ ਦੀ ਤੀਜੇ ਗੇੜ ਦੀ ਮੀਟਿੰਗ ਵਿੱਚ ਕਿਸਾਨ ਸਿਰਫ਼ ਪੰਜ ਹਜ਼ਾਰ ਬੋਰੀ ਬਰਨਾਲਾ ਜ਼ਿਲ੍ਹੇ ਨੂੰ ਲਿਜਾਣ ਲਈ ਸਹਿਮਤ ਹੋਏ।
ਬਰਨਾਲਾ ਅਤੇ ਮੋਗਾ ਜ਼ਿਲ੍ਹੇ ਦੇ ਕਿਸਾਨਾਂ ’ਚ ਬਣੀ ਟਕਰਾਅ ਦੀ ਸਥਿਤੀ
ਇਥੇ ਬਰਨਾਲਾ ਤੇ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਦਾ ਟਕਰਾਅ ਹੁੰਦਾ ਹੁੰਦਾ ਬਚਿਆ। ਤੀਜੇ ਗੇੜ ਦੀ ਮੀਟਿੰਗ ’ਚ ਸਹਿਮਤੀ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੀ ਜਥੇਬੰਦੀ ਨਾਲ ਜੁੜੇ ਕਿਸਾਨਾਂ ਨੇ ਮੋਗਾ ਜ਼ਿਲ੍ਹੇ ਦੀ ਸਹਿਕਾਰੀ ਸਭਾਵਾਂ ਨੂੰ ਲੋਡ ਕੀਤੀ ਖਾਦ ਦੇ ਭਰੇ ਟਰੱਕ ਰੋਕ ਲਏ ਤਾਂ ਸਥਿਤੀ ਤਣਾਅਪੂਰਨ ਬਣ ਗਈ। ਪੁਲੀਸ ਨੇ ਬਰਨਾਲਾ ਤੋਂ ਆਏ ਕਿਸਾਨਾਂ ਨੂੰ ਖਦੇੜ ਕੇ ਟਰੱਕ ਲੰਘਾ ਦਿੱਤੇ ਤਾਂ ਬਰਨਾਲਾ ਤੋਂ ਆਏ ਕਿਸਾਨਾਂ ਨੇ ਮੋਗਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਥਾਨਕ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਰੇਲ ਟਰੈਕ ਤੋਂ ਸਿਰਫ਼ 3 ਹਜ਼ਾਰ ਬੋਰੀ ਬਰਨਾਲਾ ਲਿਜਾਣ ਦੀ ਸਹਿਮਤੀ ਬਣੀ ਹੈ। ਪ੍ਰਸ਼ਾਸਨ ਨੂੰ ਆਪਣੇ ਪੱਧਰ ’ਤੇ ਬਾਕੀ ਦੋ ਹਜ਼ਾਰ ਗੱਟਾ ਪ੍ਰਾਈਵੇਟ ਡੀਲਰਾਂ ’ਤੇ ਕਥਿਤ ਦਬਾਅ ਨਾਲ ਲੈਣਾ ਕੀਤਾ ਹੈ। ਇਸੇ ਦੌਰਾਨ ਜ਼ਿਲ੍ਹਾ ਪ੍ਰਧਾਨ ਬੀਕੇਯੂ ਕਾਦੀਆਂ (ਬਰਨਾਲਾ) ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਡੀਏਪੀ ਦੇ ਟਰੱਕ ਰੋਕੇ ਹੋਏ ਸਨ ਅਤੇ ਧਰਨਾ ਲਗਾਤਾਰ ਜਾਰੀ ਸੀ।