For the best experience, open
https://m.punjabitribuneonline.com
on your mobile browser.
Advertisement

ਭੈਣੀਬਾਘਾ ’ਚ ਕਿਸਾਨਾਂ ਨੇ ਸਮਾਰਟ ਮੀਟਰ ਪੁੱਟੇ

10:27 AM Sep 30, 2023 IST
ਭੈਣੀਬਾਘਾ ’ਚ ਕਿਸਾਨਾਂ ਨੇ ਸਮਾਰਟ ਮੀਟਰ ਪੁੱਟੇ
ਪਿੰਡ ਭੈਣੀਬਾਘਾ ਵਿਖੇ ਕਿਸਾਨ ਜਥੇਬੰਦੀ ਦੇ ਆਗੂ ਮੀਟਰ ਪੁੱਟਦੇ ਹੋਏ। -ਫੋਟੋ:ਮਾਨ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 29 ਸਤੰਬਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐਸਪੀਸੀਐਲ) ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਸਮਾਰਟ ਮੀਟਰਾਂ ਦਾ ਲਗਾਤਾਰ ਵਿਰੋਧ ਜਾਰੀ ਹੈ। ਅੱਜ ਪਿੰਡ ਭੈਣੀਬਾਘਾ ਦੇ ਵਿੱਚ ਕਿਸਾਨਾਂ ਵੱਲੋਂ ਸਮਾਰਟ ਮੀਟਰਾਂ ਨੂੰ ਪੁੱਟ ਕੇ ਪਾਵਰਕੌਮ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ। ਕਿਸਾਨ ਜਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਪਿੰਡਾਂ ਦੇ ਵਿੱਚ ਸਮਾਰਟ ਮੀਟਰ ਨਹੀਂ ਲੱਗਣ ਦੇਵੇਗੀ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ, ਬਲਾਕ ਮਾਨਸਾ ਦੇ ਪ੍ਰਧਾਨ ਰੂਪ ਸਿੰਘ, ਪਿੰਡ ਇਕਾਈ ਭੈਣੀਬਾਘਾ ਦੇ ਪ੍ਰਧਾਨ ਸਿਕੰਦਰ ਸਿੰਘ, ਹਰਬੰਸ ਸਿੰਘ, ਮਿੱਠੂ ਸਿੰਘ, ਕਪੂਰ ਸਿੰਘ ਦੀ ਅਗਵਾਈ ਹੇਠ ਪਿੰਡ ਵਿੱਚ ਸਮਾਰਟ ਮੀਟਰ ਪੁੱਟ ਦਿੱਤੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕੌਮ ਵੱਲੋਂ ਪੁਰਾਣੇ ਮੀਟਰਾਂ ਨੂੰ ਬਦਲ ਕੇ ਸਮਾਰਟ ਮੀਟਰ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ ਤੇ ਇਸ ਦੇ ਨਾਲ ਹੀ ਪਾਵਰਕੌਮ ਦੇ ਸਮਾਰਟ ਮੀਟਰਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਦੇ ਵਿੱਚ ਵਿਰੋਧ ਵੀ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿੰਡ ਭੈਣੀਬਾਘਾ ਦੇ ਕਿਸਾਨਾਂ ਵੱਲੋਂ ਅੱਜ ਪਿੰਡ ਦੇ ਵਿੱਚੋਂ ਸਮਾਰਟ ਮੀਟਰਾਂ ਨੂੰ ਪੁੱਟ ਕੇ ਪਾਵਰਕੌਮ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਗਏ।
ਇਸੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕੌਮ ਦੇ ਚਿੱਪ ਵਾਲੇ ਮੀਟਰ ਪਿੰਡਾਂ ’ਚ ਨਹੀਂ ਲੱਗਣ ਦਿੱਤੇ ਜਾਣਗੇ। ਲਗਾਤਾਰ ਪਿੰਡਾਂ ਵਿੱਚ ਉਨ੍ਹਾਂ ਵੱਲੋਂ ਇਨ੍ਹਾਂ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚੋਂ ਵੀ ਇਨ੍ਹਾਂ ਮੀਟਰਾਂ ਨੂੰ ਪੁੱਟ ਕੇ ਐਸਡੀਓ ਜਾਂ ਐਕਸੀਅਨ ਦੇ ਦਫ਼ਤਰ ਜਮ੍ਹਾਂ ਕਰਵਾਏ ਜਾਂਦੇ ਹਨ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਹੈ ਕਿ ਪਹਿਲਾਂ ਵਾਲੇ ਹੀ ਪੁਰਾਣੇ ਮੀਟਰ ਲਾਏ ਜਾਣ ਅਤੇ ਸਮਾਰਟ ਮੀਟਰ ਪਿੰਡ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ। ਉਨ੍ਹਾਂ ਪਾਵਰਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਜਿੰਨੇ ਵੀ ਸਮਾਰਟ ਮੀਟਰ ਲਗਾਏ ਹਨ, ਉਹ ਵਿਭਾਗ ਖ਼ੁਦ ਹੀ ਉਤਾਰ ਕੇ ਲੈ ਜਾਵੇ। ਉਨ੍ਹਾਂ ਕਿਹਾ ਕਿ ਜੇ ਕੋਈ ਕਰਮਚਾਰੀ ਜਾਂ ਅਧਿਕਾਰੀ ਇਨ੍ਹਾਂ ਮੀਟਰਾਂ ਨੂੰ ਦੁਬਾਰਾ ਲਗਾਉਣ ਲਈ ਆਵੇਗਾ ਤਾਂ ਜਥੇਬੰਦੀ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਵਿਭਾਗ ਉਸ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ। ਪਿੰਡ ਭੈਣੀਬਾਘਾ ਵਿੱਚ ਕਿਸਾਨ ਜਥੇਬੰਦੀ ਦੇ ਆਗੂ ਮੀਟਰ ਪੁੱਟਦੇ ਹੋਏ।

Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ

ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਭਾਗ ਸਿੰਘ ਮਰਖਾਈ, ਗੁਰਦੇਵ ਸਿੰਘ ਮਰੂੜ, ਜਤਿੰਦਰ ਸਿੰਘ ਮੋਹਕਮਵਾਲਾ ਆਦਿ ਨੇ ਕਿਹਾ ਕਿ ਵਿਭਾਗ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡਾਂ ਵਿੱਚ ਜੋ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ, ਜਥੇਬੰਦੀ ਉਸ ਦਾ ਸਖ਼ਤ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੀਪੇਡ ਮੀਟਰ ਕਿਸੇ ਵੀ ਜਨਤਕ ਤੇ ਨਿੱਜੀ ਜਗ੍ਹਾ ਉੱਤੇ ਨਹੀਂ ਲੱਗਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇ ਕੋਈ ਮਹਿਕਮੇ ਦਾ ਅਧਿਕਾਰੀ ਮੀਟਰ ਲਗਾਉਣ ਆਉਂਦਾ ਹੈ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਜਥੇਬੰਦੀ ਦੇ ਆਗੂਆਂ ਨੇ ਪਿੰਡ ਮੋਹਕਮ ਵਾਲਾ ਵਿੱਚ ਲਗਾਏ ਚਿੱਪ ਵਾਲੇ ਮੀਟਰ ਪੁੱਟ ਕੇ ਫਿਰੋਜਸ਼ਾਹ ਬਿਜਲੀ ਘਰ ਵਿੱਚ ਜਮ੍ਹਾਂ ਕਰਵਾਏ ਅਤੇ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਨਿੱਜੀਕਰਨ ਦੀ ਨੀਤੀ ਤਹਿਤ ਬਿਜਲੀ ਦਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਲਈ ਚਿੱਪ ਵਾਲੇ ਮੀਟਰ ਲਗਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement