ਸਰਕਾਰਾਂ ਕਰਕੇ ਹਨੇਰੀ ਰਹੇਗੀ ਕਿਸਾਨਾਂ ਦੀ ਦੀਵਾਲੀ
ਦੇਵਿੰਦਰ ਸਿੰਘ ਜੱਗੀ
ਪਾਇਲ, 26 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿਧਾਇਕ ਦੇ ਦਫ਼ਤਰ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮਨੋਹਰ ਸਿੰਘ ਕਲਾਹੜ ਨੇ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰਕੇ ਇਸ ਵਾਰ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਹੀ ਦੀਵਾਲੀ ਦਾ ਤਿਉਹਾਰ ਕੱਢਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਨਾ ਵਿਕਣ ਕਾਰਨ ਜਿਥੇ ਇੱਕ ਪਾਸੇ ਕਿਸਾਨਾਂ ਦੀ ਦੀਵਾਲੀ ਰੁੱਖੀ ਤੇ ਫਿੱਕੀ ਰਹੇਗੀ, ਉਥੇ ਛੋਟੇ ਕਾਰੋਬਾਰੀਆਂ ਨੂੰ ਵੀ ਇਸ ਦਾ ਨੁਕਸਾਨ ਝੱਲਣਾ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰਾਂ ਦੀ ਮਿਲੀਭੁਗਤ ਕਾਰਨ ਹੀ ਅੱਜ ਇੰਨਾ ਲੰਬਾ ਸਮਾਂ ਕਿਸਾਨ ਮੰਡੀਆਂ ਵਿੱਚ ਫਸਲ ਵਿਕਣ ਦੀ ਉਡੀਕ ਕਰਨ ਲਈ ਮਜਬੂਰ ਹੋ ਰਿਹਾ ਹੈ। ਫਸਲ ਖਰੀਦਣ ਵਿੱਚ ਹੋ ਰਹੀ ਦੇਰੀ ਤੇ ਵਿਕਣ ਮਗਰੋਂ ਵੀ ਚੁਕਾਈ ਨਾ ਹੋਣਾ ਸਿੱਧੇ ਤੌਰ ’ਤੇ ਖੇਤੀ ਕਿੱਤੇ ਨੂੰ ਪ੍ਰਾਈਵੇਟਾਂ, ਕਾਰਪੋਰੇਟ ਸਾਇਲੋ ਵੱਲ ਧੱਕਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਅਸਲ ਵਿੱਚ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਲਾਗੂ ਕਰ ਕੇ ਖੁੱਲ੍ਹੀ ਮੰਡੀ ਖੁੱਲ੍ਹਾ ਵਪਾਰ ਲਿਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਿੱਧੈ ਰੂਪ ਵਿੱਚ ਖੇਤੀ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਗਏ ਤਾਂ ਹੁਣ ਸਰਕਾਰਾਂ ਅਸਿੱਧੇ ਢੰਗ ਨਾਲ ਕਿਸਾਨਾਂ ਨੂੰ ਖੱਜਲ-ਖੁਆਰ ਕਰਕੇ ਇਹੀ ਕਾਨੂੰਨਾਂ ਤਹਿਤ ਦੱਬਣਾ ਚਾਹੁੰਦੀਆਂ ਹਨ। ਆਗੂਆਂ ਨੇ ਕਿਹਾ ਕਿ ਪਹਿਲਾਂ ਵੀ ਦਿੱਲੀ ਵਿੱਚ ਲੰਬਾ ਸੰਘਰਸ਼ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਲੜਿਆ ਗਿਆ ਹੈ ਤੇ ਹੁਣ ਵੀ ਕਿਸਾਨਾਂ ਤੇ ਫਸਲਾਂ ਦੀ ਬੇਕਦਰੀ ਦੇ ਵਿਰੋਧ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਧਰਨੇ ਨੂੰ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਜਸਵੀਰ ਸਿੰਘ ਖੱਟੜਾ, ਯੁਵਰਾਜ ਸਿੰਘ ਘੁਡਾਣੀ, ਕੁਲਦੀਪ ਸਿੰਘ, ਜਗਦੇਵ ਸਿੰਘ ਖੰਨਾ, ਅਵਤਾਰ ਸਿੰਘ ਭੱਟੀਆਂ, ਚਰਨ ਸਿੰਘ ਕਲਾਹੜ ਤੇ ਕਰਨੈਲ ਸਿੰਘ ਰੱਬੋਂ ਨੇ ਵੀ ਸੰਬੋਧਨ ਕੀਤਾ।