ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਡੀਆਂ ਵਿੱਚ ਹੀ ਲੰਘੀ ਕਿਸਾਨਾਂ ਦੀ ਦੀਵਾਲੀ

06:47 AM Nov 02, 2024 IST

ਪਾਲ ਸਿੰਘ ਨੌਲੀ
ਜਲੰਧਰ, 1 ਨਵੰਬਰ
ਕਿਸਾਨਾਂ ਨੇ ਦੀਵਾਲੀ ਤੱਕ ਵੀ ਝੋਨਾ ਨਾ ਚੁੱਕੇ ਜਾਣ ਕਾਰਨ ਅੱਜ ਦੇ ਦਿਨ ਨੂੰ ਕਾਲੀ ਦੀਵਾਲੀ ਵਜੋਂ ਮਨਾਇਆ। ਪਿਛਲੇ ਇੱਕ ਮਹੀਨੇ ਤੋਂ ਸ਼ੁਰੂ ਹੋਇਆ ਝੋਨੇ ਦਾ ਸੀਜਨ ਏਨਾ ਲੰਮਾ ਚਲੇਗਾ, ਇਸ ਦਾ ਅੰਦਾਜ਼ਾ ਕਿਸਾਨਾਂ ਨੇ ਵੀ ਨਹੀਂ ਸੀ ਲਗਾਇਆ। ਇਸ ਵਾਰ ਝੋਨੇ ਦੀ ਸਰਕਾਰੀ ਖਰੀਦ ਏਨੀ ਸੁਸਤ ਰਹੀ ਕਿ ਕਿਸਾਨਾਂ ਨੂੰ ਇਸ ਬਾਬਤ ਧਰਨੇ ਲਗਾਉਣੇ ਪਏ। ਥਾਂ-ਥਾਂ ਪੰਜਾਬ ਵਿੱਚ ਨੈਸ਼ਨਲ ਹਾਈਵੇ ਰੋਕਣੇ ਪਏ ਸਨ, ਜਿਸ ਕਾਰਨ ਆਮ ਲੋਕਾਂ ਤੇ ਕਿਸਾਨਾਂ ਵਿੱਚ ਕਈ ਥਾਵਾਂ ’ਤੇ ਤਣਾਅ ਵਾਲੀ ਸਥਿਤੀ ਵੀ ਬਣੀ। ਇਸ ਵਾਰ ਕਿਸਾਨਾਂ ਨੂੰ ਦਸਹਿਰਾ ਅਤੇ ਦੀਵਾਲੀ ਮੰਡੀਆਂ ਵਿੱਚ ਹੀ ਮਨਾਉਣ ਲਈ ਮਜਬੂਰ ਹੋਣਾ ਪਿਆ। ਝੋਨਾ ਹੀ ਅਜਿਹੀ ਫਸਲ ਰਹਿ ਗਈ ਹੈ ਜਿਸ ਦਾ ਭਾਅ ਚੰਗਾ ਮਿਲਣ ਕਾਰਨ ਕਿਸਾਨਾਂ ਦੇ ਘਰਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। ਝੋਨੇ ਦੀ ਫਸਲ ਆਉਣ ਨਾਲ ਹੀ ਪੰਜਾਬ ਦਾ ਸਾਰਾ ਆਰਥਿਕ ਪਹੀਆ ਚੱਲਦਾ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸਕੱਤਰ ਜਨਰਲ ਸਤਨਾਮ ਸਿੰਘ ਸਾਹਨੀ ਨੇ ਮੰਡੀਆਂ ਵਿੱਚ ਰੁਲ ਰਹੇ ਝੋਨੇ ਲਈ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਹਰ ਪੰਜਾਬੀ ਦੇ ਚਿਹਰੇ ’ਤੇ ਰੌਣਕਾਂ ਹੁੰਦੀਆਂ ਹਨ। ਮੰਡੀਆਂ ਵਿੱਚ ਝੋਨਾ ਵਿਕਣ ਦਾ ਸਾਰਾ ਸ਼ੀਜਨ ਮਸਾ 15 ਤੋਂ 20 ਦਿਨਾਂ ਦਾ ਹੁੰਦਾ ਹੈ। ਇਸ ਵਾਰ ਇੱਕ ਮਹੀਨਾ ਹੋ ਗਿਆ ਹੈ ਅਜੇ ਵੀ ਪਤਾ ਨਹੀਂ ਹੋਰ ਕਿੰਨਾ ਸਮਾਂ ਲੱਗਣਾ ਹੈ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਇਹ ਪਹਿਲੀਵਾਰ ਹੋਇਆ ਹੈ ਕਿ ਦੀਵਾਲੀ ਤੱਕ ਵੀ ਝੋਨਾ ਖੇਤਾਂ ਵਿੱਚ ਖੜਾ ਹੈ। ਉਨ੍ਹਾਂ ਕਿਹਾ ਕਿ 1 ਨਵੰਬਰ ਤੋਂ ਕਣਕ ਦੀ ਬਿਜਾਈ ਦਾ ਸ਼ੀਜਨ ਸ਼ੁਰੂ ਹੋ ਜਾਂਦਾ ਹੈ। ਹੁਣ ਜਦੋਂ ਖੇਤ ਹੀ ਵਿਹਲੇ ਨਹੀਂ ਹੋਏ ਤਾਂ ਲਾਜ਼ਮੀ ਹੈ ਕਿ ਕਣਕ ਦੀ ਬਿਜਾਈ ਪੱਛੜ ਜਾਵੇਗੀ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਪੰਜਾਬ ਦੇ ਕਿਸਾਨਾਂ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਿਹਾ ਹੈ ਨਹੀਂ ਤਾਂ ਸਭ ਤੋਂ ਵੱਧ ਪੈਦਾਵਾਰ ਕਰਨ ਵਾਲੇ ਕਿਸਾਨਾਂ ਨਾਲ ਅਜਿਹਾ ਸਲੂਕ ਨਹੀ ਕੀਤਾ ਜਾਣਾ ਚਾਹੀਦਾ ਸੀ। ਤਲਵੰਡੀ ਮਾਧੋ ਦੇ ਕਿਸਾਨ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਜਿਵੇਂ ਝੋਨਾ ਇਸ ਵਾਰ ਮੰਡੀਆਂ ਵਿੱਚ ਰੋਲਿਆ ਗਿਆ ਹੈ ਤਾਂ ਕਿਸਾਨਾਂ ਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਉਹ ਝੋਨੇ ਦੇ ਬਦਲ ਵਜੋਂ ਦਾਲਾਂ ਬੀਜਣ ਨੂੰ ਤਰਜੀਹ ਦੇਣ। ਚੱਕਾ ਚੇਲਾ ਪਿੰਡ ਦੇ ਕਿਸਾਨ ਜੋਗਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੁਰਤ ਵਿੱਚ ਇਹ ਪਹਿਲੀ ਵਾਰ ਹੈ ਕਿ ਮੰਡੀਆਂ ਵਿੱਚ ਇਸ ਕਦਰ ਝੋਨੇ ਦੀ ਫਸਲ ਰੁਲੀ ਹੈ।

Advertisement

Advertisement