ਲਾਡੋਵਾਲ ਟੌਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ ਜਾਰੀ
ਗੁਰਿੰਦਰ ਸਿੰਘ
ਲੁਧਿਆਣਾ, 25 ਜੂਨ
ਇੱਥੇ ਲੁਧਿਆਣਾ-ਜਲੰਧਰ ਮੁੱਖ ਮਾਰਗ ’ਤੇ ਸਥਿਤ ਲਾਡੋਵਾਲ ਟੌਲ ਪਲਾਜ਼ਾ ਉੱਤੇ ਕਿਸਾਨਾਂ ਅਤੇ ਹੋਰ ਸੰਗਠਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਕਾਰਨ ਅੱਜ ਦਸਵੇਂ ਦਿਨ ਵੀ ਟੌਲ ਪਲਾਜ਼ਾ ਤੋਂ ਮੁਫ਼ਤ ਵਾਹਨ ਲੰਘਾਏ ਗਏ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਅਤੇ ਹੋਰ ਸੰਗਠਨਾਂ ਵੱਲੋਂ 30 ਜੂਨ ਨੂੰ ਟੌਲ ਪਲਾਜ਼ਾ ਤੇ ਵੱਡਾ ਇਕੱਠ ਕਰਕੇ ਟੌਲ ਪਲਾਜ਼ਾ ਨੂੰ ਤਾਲੇ ਲਗਾਏ ਜਾਣਗੇ ਅਤੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਧਰਨਾ ਦਸਵੇਂ ਦਿਨ ਵਿੱਚ ਪੁੱਜ ਗਿਆ ਹੈ ਪਰ ਅੱਜ ਤੱਕ ਕੋਈ ਵੀ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਨਹੀਂ ਆਇਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਟੌਲ ਪਲਾਜ਼ਾ ਦੀ ਮਿਆਦ ਖਤਮ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਦੀ ਮਿਲੀਭੁਗਤ ਨਾਲ ਟੌਲ ਪਲਾਜ਼ਾ ਚੱਲ ਰਿਹਾ ਹੈ ਅਤੇ ਲੋਕਾਂ ਦੇ ਕਰੋੜਾਂ ਰੁਪਏ ਹੜੱਪੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਹਲਕਾ ਗਿੱਲ ਦੇ ਇੰਚਾਰਜ ਸੁਰਿੰਦਰ ਸਿੰਘ ਪਵਾਰ ਨੇ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
ਇਸ ਮੌਕੇ ਗੁਰਨਾਮ ਸਿੰਘ ਮੁਠੱਡਾ, ਬਹਾਦਰ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ ਆਲੋਵਾਲ, ਮਨਜੀਤ ਸਿੰਘ ਆਲੋਵਾਲ, ਰਸ਼ਪਾਲ ਸਿੰਘ ਵੀ ਹਾਜ਼ਰ ਸਨ।