For the best experience, open
https://m.punjabitribuneonline.com
on your mobile browser.
Advertisement

ਭੁੱਲਰਹੇੜੀ ਗਰਿੱਡ ਦਾ ਕੰਮ ਵਿਚਾਲੇ ਰੋਕਣ ਖ਼ਿਲਾਫ਼ ਕਿਸਾਨਾਂ ਦਾ ਧਰਨਾ ਜਾਰੀ

06:59 AM Jul 24, 2024 IST
ਭੁੱਲਰਹੇੜੀ ਗਰਿੱਡ ਦਾ ਕੰਮ ਵਿਚਾਲੇ ਰੋਕਣ ਖ਼ਿਲਾਫ਼ ਕਿਸਾਨਾਂ ਦਾ ਧਰਨਾ ਜਾਰੀ
Advertisement

ਬੀਰਬਲ ਰਿਸ਼ੀ
ਧੂਰੀ, 23 ਜੁਲਾਈ
66 ਕੇਵੀ ਗਰਿੱਡ ਭੁੱਲਰਹੇੜੀ ਦੇ ਵਿਚਾਲੇ ਰੁਕੇ ਕੰਮ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਗਰਿੱਡ ਦੇ ਗੇਟ ’ਤੇ ਸ਼ੁਰੂ ਕੀਤੇ ਪੱਕੇ ਧਰਨੇ ਵਿੱਚ ਅੱਜ 28ਵੇਂ ਦਿਨ ਵੀ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪਾਵਰਕੌਮ ’ਤੇ ਕਿਸਾਨ ਵਿਰੋਧੀ ਰਵੱਈਆ ਅਪਣਾਉਣ ਦੇ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ 66 ਕੇਵੀ ਗਰਿੱਡ ਦਾ ਕੰਮ ਉਸ ਵੇਲੇ ਵਿਚਾਲੇ ਰੁਕ ਗਿਆ ਸੀ ਜਦੋਂ ਇੱਕ ਸਨਅਤਕਾਰ ਨੇ ਆਪਣੀ ਜਗ੍ਹਾ ਵਿੱਚ ਟਰਾਂਸਮਿਸ਼ਨ ਟਾਵਰ ਲਗਾਏ ਜਾਣ ਦਾ ਕੰਮ ਰੋਕ ਦਿੱਤਾ ਸੀ। ਇਸ ਮਾਮਲੇ ’ਤੇ 8 ਜੂਨ ਤੋਂ ਧਰਨਿਆਂ ਮੁਜ਼ਾਹਰਿਆਂ ਦੇ ਰਾਹ ਪਏ ਕਿਸਾਨਾਂ ਨੇ ਲੰਘੀ 26 ਜੂਨ ਤੋਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਸੀ ਪਰ ਇਸੇ ਸਮੇਂ ਦੌਰਾਨ ਸਨਅਤਕਾਰ ਵੱਲੋਂ ਅਦਾਲਤ ਜਾਣ ’ਤੇ ਮਾਮਲੇ ’ਚ ਹੋਈ ‘ਸਟੇਟਸ-ਕੋ’ ਦੇ ਬਾਵਜੂਦ ਕਿਸਾਨਾਂ ਨੇ ਆਪਣਾ ਪੱਕਾ ਧਰਨਾ ਜਾਰੀ ਰੱਖਿਆ ਹੋਇਆ ਹੈ। ਉਂਜ ਕਿਸਾਨ ਜਥੇਬੰਦੀਆਂ ਅਦਾਲਤੀ ਫੈਸਲਾ ਲੋਕ-ਪੱਖ ਵਿੱਚ ਹੋਣ ਸਬੰਧੀ ਆਸਵੰਦ ਹਨ। ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਵਿੱਤਰ ਸਿੰਘ, ਬੀਕੇਯੂ ਰਾਜੇਵਾਲ ਦੇ ਇਕਾਈ ਪ੍ਰਧਾਨ ਜਸਦੇਵ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੇ ਭਾਵੇਂ ਪੱਕਾ ਧਰਨਾ ਜਾਰੀ ਰੱਖਿਆ ਹੋਇਆ ਪਰ ਮਾਮਲਾ ਅਦਾਲਤ ਪੁੱਜਣ ਕਾਰਨ ਪੱਕੇ ਧਰਨੇ ਹਾਲ ਦੀ ਘੜੀ ਸੰਕੇਤਕ ਰੱਖਕੇ ਜਨਤਕ ਸੰਘਰਸ਼ ਦੇ ਨਾਲ-ਨਾਲ ਕਾਨੂੰਨੀ ਫੈਸਲੇ ਨੂੰ ਉਡੀਕਿਆ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਅਮਰਜੀਤ ਸਿੰਘ ਅਤੇ ਸੇਵਾਮੁਕਤ ਤਹਿਸ਼ੀਲਦਾਰ ਮੁਖਤਿਆਰ ਸਿੰਘ ਆਦਿ ਆਗੂ ਖਾਸ ਤੌਰ ’ਤੇ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement