ਕਿਸਾਨਾਂ ਨੇ ਘੱਟ ਨਮੀ ਵਾਲੇ ਝੋਨੇ ਦਾ ਮੁਆਵਜ਼ਾ ਮੰਗਿਆ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 10 ਨਵੰਬਰ
ਸੂਬੇ ਦੀਆਂ ਦਾਣਾ ਮੰਡੀਆਂ ਵਿੱਚ ਜਿੱਥੇ ਝੋਨੇ ਦੀ ਵੱਧ ਨਮੀ ਕਾਰਨ ਫ਼ਸਲ ਦੀ ਖ਼ਰੀਦ ਵਿੱਚ ਰੁਕਾਵਟ ਆ ਰਹੀ ਹੈ ਉਥੇ ਤੈਅ ਮਾਪਦੰਡ ਤੋਂ ਘੱਟ ਨਮੀ ਵਾਲੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ਾ ਮੰਗਣਾ ਸ਼ੁਰੂ ਕਰ ਦਿੱਤਾ ਹੈ। ਅੱਜ ਪਿੰਡ ਵਜੀਦਕੇ ਕਲਾਂ ਵਿੱਚ ਕਿਸਾਨਾਂ ਨੇ 17 ਫ਼ੀਸਦੀ ਤੋਂ ਘੱਟ ਨਮੀ ਵਾਲੇ ਝੋਨੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ। ਬੀਕੇਯੂ ਸਿੱੱਧੂਪੁਰ ਦੇ ਆਗੂ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ਅਤੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ ਨੇ ਕਿਹਾ ਕਿ ਸਰਕਾਰ ਨੇ ਝੋਨੇ ਦੀ ਖ਼ਰੀਦ ਲਈ 17 ਫ਼ੀਸਦੀ ਨਮੀ ਤੈਅ ਕੀਤੀ ਹੈ ਪ੍ਰੰਤੂ ਕੁਝ ਕਿਸਾਨਾਂ ਦੀ ਫ਼ਸਲ ਦੀ ਨਮੀ 13 ਤੋਂ 16 ਫ਼ੀਸਦੀ ਵੀ ਆ ਰਹੀ ਹੈ, ਜਿਸ ਕਾਰਨ ਕਿਸਾਨਾਂ ਦੇ ਝੋਨੇ ਦਾ ਭਾਰ ਘਟਣ ਕਾਰਨ ਨੁਕਸਾਨ ਹੋ ਰਿਹਾ ਹੈ ਅਤੇ ਇਸ ਨੁਕਸਾਨ ਦੀ ਭਰਪਾਈ ਸਰਕਾਰ ਤੋਂ ਕਰਨ ਦੀ ਉਹ ਮੰਗ ਕਰ ਰਹੇ ਹਨ। ਜੇ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਤਾਂ ਸੰਘਰਸ਼ ਕੀਤਾ ਜਾਵੇਗਾ। ਕਿਸਾਨਾਂ ਨੇ ਖ਼ਰੀਦ ਏਜੰਸੀ ਅਤੇ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ।
ਮੌੜ ਮਕਸੂਥਾ ’ਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਨਾਅਰੇਬਾਜ਼ੀ
ਸ਼ਹਿਣਾ (ਪੱਤਰ ਪ੍ਰੇਰਕ): ਪਿੰਡ ਮੌੜ ਮਕਸੂਥਾ ’ਚ ਝੋਨੇ ਦੀ ਢਿੱਲੀ ਖਰੀਦ ਨੂੰ ਲੈ ਕੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇੱਥੇ ਲਿਫਟਿੰਗ ਦਾ ਵੀ ਬੁਰਾ ਹਾਲ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕਾਲਾ, ਇਕਾਈ ਪ੍ਰਧਾਨ ਸੁਖਚਰਨ ਸਿੰਘ ਅਤੇ ਸਾਬਕਾ ਪੰਚ ਸੁਖਮੰਦਰ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਮੁਸ਼ਕਿਲ ਨੂੰ ਮੁਸ਼ਕਿਲ ਹੀ ਨਹੀਂ ਸਮਝਦੀ ਹੈ। ਕਿਸਾਨ 20-20 ਦਿਨਾਂ ਤੋਂ ਮੰਡੀਆਂ ’ਚ ਬੈਠੇ ਹਨ। ਖਰੀਦ ਏਜੰਸੀਆਂ ਦੇ ਅਧਿਕਾਰੀ ਸਿਰਫ਼ ਖਾਨਪੂਰਤੀ ਕਰਦੇ ਹਨ ਅਤੇ 200 ਬੋਰੀ ਦੀ ਬੋਲੀ ਹੀ ਲਾਈ ਜਾਂਦੀ ਹੈ। ਕਿਸਾਨ ਦੀ ਕਣਕ ਦੀ ਬਿਜਾਈ ਲੇਟ ਹੋ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਝੋਨਾ ਕਈ ਕਈ ਦਿਨ ਪਹਿਲਾਂ ਵਿਕਿਆ ਹੈ, ਉਹ ਵੀ ਭਰਿਆ ਨਹੀਂ ਜਾ ਰਿਹਾ ਹੈ।