For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਗੜਿਆਂ ਨਾਲ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਮੰਗਿਆ

09:17 AM Apr 22, 2024 IST
ਕਿਸਾਨਾਂ ਨੇ ਗੜਿਆਂ ਨਾਲ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਮੰਗਿਆ
ਮੋਗਾ ਨੇੜੇ ਖੇਤਾਂ ਵਿੱਚ ਮੀਂਹ ਤੇ ਗੜਿਆਂ ਕਾਰਨ ਨੁਕਸਾਨੀ ਫ਼ਸਲ ਬਾਰੇ ਦੱਸਦੇ ਹੋਏ ਕਿਸਾਨ ਆਗੂ। -ਫੋਟੋ: ਰੱਤੀਆਂ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਅਪਰੈਲ
ਬੇਮੌਸਮੀ ਮੀਂਹ, ਝੱਖੜ ਤੇ ਗੜਿਆਂ ਨੇ ਮੋਗਾ ਵਿੱਚ ਜ਼ਿਲ੍ਹੇ ਵਿੱਚ ਵੱਡੀ ਪੱਧਰ ’ਤੇ ਕਣਕ, ਹਰਾ ਚਾਰਾ ਤੇ ਸਬਜ਼ੀਆਂ ਦਾ ਨੁਕਸਾਨ ਕੀਤਾ। ਇਸ ਕੁਦਰਤੀ ਕਹਿਰ ਨੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਮੰਗਿਆ ਹੈ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਵਾਅਦਾ ਕੀਤਾ ਸੀ ਕਿ ਕੁਦਰਤੀ ਆਫ਼ਤਾਂ ਨਾਲ ਮੁਰਗੀ ਤੇ ਬੱਕਰੀ ਦੇ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਆਰਥਿਕ ਮੱਦਦ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਇਥੇ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਤੇ ਸੂਬਾ ਵਿੱਤ ਸਕੱਤਰ ਗੁਰਬਚਨ ਸਿੰਘ ਚੰਨੂ ਵਾਲਾ ਅਗਵਾਈ ਹੇਠ ਹੋਈ ਮੀਟਿੰਗ ਵਿਚ ਕਿਸਾਨਾਂ ਨੇ ਕਿਹਾ ਕਿ ਪਿਛਲੇ ਦਿਨੀਂ ਪਏ ਬੇਮੌਸਮੀ ਅਤੇ ਗੜਿਆਂ ਨੇ ਕਿਸਾਨਾਂ ਦੀ ਪੱਕੀ ਕਣਕ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ ਜਿਸ ਨਾਲ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੁਦਰਤੀ ਆਫਤਾਂ ਨਾਲ ਫ਼ਸਲਾਂ ਤਾਂ ਕੀ ਮੁਰਗੀ ਤੇ ਬੱਕਰੀ ਦੇ ਨੁਕਸਾਨ ਦੇ ਮੁਆਵਜ਼ਾ ਦੇਣ ਦੀਆਂ ਗੱਲਾਂ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਆਪਣੇ ਵਾਅਦੇ ਮੁਤਾਬਕ ਹੋਏ ਨੁਕਸਾਨ ਦੀ ਪੂਰਤੀ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਣ ਨਹੀਂ ਤਾਂ ਕਿਸਾਨ ਅਤੇ ਲੋਕ ਰਵਾਇਤੀ ਪਾਰਟੀਆਂ ਦੀ ਤਰ੍ਹਾਂ ‘ਆਪ’ ਨੂੰ ਵੀ ਬੁਰੀ ਤਰ੍ਹਾਂ ਨਕਾਰ ਦੇਣਗੇ। ਕਿਸਾਨਾਂ ਨੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਵੋਟਾਂ ਮੰਗਣ ਆਉਂਦੇ ਸਿਆਸੀ ਲੋਕਾਂ ਨੂੰ ਨੁਕਸਾਨ ਦੀ ਪੂਰਤੀ ਲਈ ਤੇ ਭਵਿੱਖ ਵਿੱਚ ਫਸਲੀ ਬੀਮਾ ਯੋਜਨਾ ਨੂੰ ਲਾਗੂ ਕਰਨ ਬਾਰੇ ਸਵਾਲ ਕੀਤੇ ਜਾਣ ਅਤੇ ਪੁੱਛਣ ਕਿ ਕਿਸਾਨਾਂ ਦੇ ਲਈ ਕਿਸ ਤਰ੍ਹਾਂ ਦਾ ਮਾਹੌਲ ਸਿਰਜਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਲਕ ਕਾਸ਼ਤਕਾਰਾਂ ਨਾਲ ਨਿਰਧਾਰਤ ਠੇਕੇ ਦੀ ਰਕਮ ਵਿੱਚ ਕਟੌਤੀ ਕਰਕੇ ਹਮਦਰਦੀ ਦਾ ਪ੍ਰਗਟਾਵਾ ਕਰਨ ਅਤੇ ਜਿਨ੍ਹਾਂ ਪਿੰਡਾਂ ਵਿੱਚ ਜ਼ਿਆਦਾ ਨੁਕਸਾਨ ਹੋਇਆ ਹੈ ਉਥੇ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਨੂੰ ਖਾਣ ਲਈ ਅਨਾਜ ਤੇ ਹੋਰ ਆਰਥਿਕ ਮਦਦ ਕਰਨ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਜਸਵਿੰਦਰ ਸਿੰਘ ਚੁਗਾਵਾਂ, ਗੁਰਜੰਟ ਸਿੰਘ ਗਗੜਾ, ਇਕਬਾਲ ਸਿੰਘ ਘਲੋਟੀ, ਕੁਲਵੰਤ ਸਿੰਘ ਮਾਣੂੰਕੇ, ਮੇਜਰ ਸਿੰਘ ਘੋਲੀਆ, ਜਸਵੀਰ ਸਿੰਘ ਜੱਸੀ ਭਲੂਰ ਮੁਕੰਦ ਕਮਲ, ਚਰਨਪ੍ਰੀਤ ਸਿੰਘ ਐਮਸੀ ਬਾਘਾਪੁਰਾਣਾ, ਕੁਲਜਿੰਦਰ ਸਿੰਘ ਤਖ਼ਤੂਪੁਰਾ, ਜਸਵਿੰਦਰ ਸਿੰਘ ਦੀਨਾ ਸਾਹਿਬ, ਗੁਰਬਿੰਦਰ ਸਿੰਘ ਕੋਕੀ ਰੌਲੀ ਤੇ ਹੋਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×