ਕਿਸਾਨਾਂ ਵੱਲੋਂ ਝੋਨੇ ਦੀ ਚੁਕਾਈ ਛੇਤੀ ਕਰਵਾਉਣ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਅਕਤੂਬਰ
ਪੰਜਾਬ ਭਰ ਦੀਆਂ ਮੰਡੀਆਂ ਵਿੱਚੋਂ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ਬਹੁਤ ਪੱਛੜ ਕੇ ਕਿਤੇ ਕਿਤੇ ਸ਼ੁਰੂ ਹੋਈ ਹੈ, ਜਿਸ ਮਗਰੋਂ ਹੁਣ ਮੰਡੀਆਂ ਵਿੱਚੋਂ ਖਰੀਦੇ ਗਏ ਝੋਨੇ ਦੀ ਚੁਕਾਈ ਦਾ ਮਸਲਾ ਖੜ੍ਹਾ ਹੁੰਦਾ ਜਾ ਰਿਹਾ ਹੈ। ਚੁਕਾਈ ਵਿੱਚ ਹੋ ਰਹੀ ਦੇਰੀ ਨੇ ਮੁੜ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਏਸ਼ੀਆਂ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਅਨਾਜ ਮੰਡੀ ਵਿੱਚ ਅੱਜ 12ਵੇਂ ਦਿਨ ਝੋਨੇ ਦੀ ਆਮਦ 15 ਹਜ਼ਾਰ ਮਿਟਰਕ ਟਨ ਹੋ ਚੁੱਕੀ ਹੈ ਅਤੇ ਖਰੀਦ ਲਗਪਗ 10 ਹਜ਼ਾਰ 400 ਮੀਟਰਿਕ ਟਨ ਹੋਈ ਹੈ। ਇਸ ਵਿੱਚੋਂ ਹਾਲੇ ਸਿਰਫ਼ 20 ਫ਼ੀਸਦ ਫਸਲ ਦੀ ਲਿਫਟਿੰਗ ਹੋਈ ਹੈ।
ਇਸ ਮੌਕੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨਾ ਲਗਾ ਕੇ ਮੰਡੀ ਵਿੱਚੋਂ ਤੁਰੰਤ ਫ਼ਸਲ ਚੁੱਕਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਫਸਲ ਦੀਆਂ ਬੋਰੀਆਂ ਮੰਡੀ ਵਿੱਚ ਪਈਆਂ ਹਨ ਉਦੋਂ ਤੱਕ ਇਸ ਦੀ ਜ਼ਿੰਮੇਵਾਰੀ ਕਿਸਾਨਾਂ ਦੇ ਸਿਰ ’ਤੇ ਹੈ। ਇਸ ਸਬੰਧੀ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਮੰਡੀ ਵਿੱਚ ਕੰਮ ਸਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਫਸਲ ਦੀ ਬੋਲੀ ਹੋ ਜਾਂਦੀ ਹੈ ਉਸ ਸਮੇਂ ਤੋਂ ਫਸਲ ਦੀ ਜ਼ਿੰਮੇਵਾਰੀ ਆੜ੍ਹਤੀਆਂ ਤੇ ਖਰੀਦ ਏਜੰਸੀਆਂ ਦੀ ਹੁੰਦੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਮਾਨ ਨੇ ਕਿਹਾ ਕਿ ਚੁਕਾਈ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਰਹਿੰਦੀ ਫ਼ਸਲ ਦੀ ਛੇਤੀ ਹੀ ਚੁਕਵਾ ਲਈ ਜਾਵੇਗੀ।