For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਟਰਾਂਸਫਾਰਮਰ ਚੋਰ ਗ੍ਰਿਫ਼ਤਾਰ ਕਰਨ ਦੀ ਮੰਗ

10:49 AM Apr 07, 2024 IST
ਕਿਸਾਨਾਂ ਵੱਲੋਂ ਟਰਾਂਸਫਾਰਮਰ ਚੋਰ ਗ੍ਰਿਫ਼ਤਾਰ ਕਰਨ ਦੀ ਮੰਗ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਮੁਕੇਰੀਆਂ, 6 ਅਪਰੈਲ
ਇੱਥੇ ਪਿੰਡ ਕੋਲੀਆਂ ਦੇ ਇੱਕ ਘਰ ਅੰਦਰੋਂ 19 ਤੋਲੇ ਸੋਨਾ, ਕਰੀਬ 70 ਹਜ਼ਾਰ ਦੀ ਨਕਦੀ ਅਤੇ ਕਰੀਬ ਡੇਢ ਦਰਜਨ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਚੋਰਾਂ ਨੇ ਪਿੰਡ ਨੰਗਲ ਬਿਹਾਲਾਂ ਵਿੱਚ ਦੋ ਟਰਾਂਸਫਾਰਮਰਾਂ ਦਾ ਸਾਮਾਨ ਚੋਰੀ ਕਰ ਲਿਆ ਹੈ।
ਦੱਸਣਯੋਗ ਹੈ ਕਿ ਬੀਤੀ 24 ਮਾਰਚ ਨੂੰ ਅਣਪਛਾਤੇ ਚੋਰਾਂ ਨੇ ਘਰ ਅੰਦਰ ਦਾਖਲ ਹੋ ਕੇ ਕਰੀਬ 19 ਤੋਲੇ ਸੋਨਾ ਅਤੇ ਕਰੀਬ 70 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਸੀ। ਇਸ ਤੋਂ ਪਹਿਲਾਂ 19/20 ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਪਿੰਡ ਨੁਸ਼ਹਿਰਾ ਪੱਤਣ, ਛਾਂਟਾਂ, ਧਨੋਆ ਆਦਿਕ ਪਿੰਡਾਂ ਵਿੱਚੋਂ ਕਰੀਬ 22 ਮੋਟਰਾਂ ਚੋਰੀ ਕੀਤੀਆਂ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਕੇਵਲ ਗਹਿਣੇ ਚੋਰੀ ਕਰਨ ਦੇ ਮਾਮਲੇ ਵਿੱਚ ਹੀ ਕੇਸ ਦਰਜ ਕੀਤਾ ਹੈ, ਜਦੋਂਕਿ ਕਿਸਾਨਾਂ ਦੀਆਂ ਮੋਟਰਾਂ ਦੇ ਮਾਮਲੇ ਵਿੱਚ ਪੂਣੀ ਵੀ ਨਹੀਂ ਕੱਤੀ।
ਪਿੰਡ ਨੰਗਲ ਬਿਹਾਲਾਂ ਦੇ ਸਰਪੰਚ ਪ੍ਰਦੀਪ ਕੁਮਾਰ, ਕਿਸਾਨ ਸੁਨੀਲ ਕੁਮਾਰ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਨੰਗਲ ਬਿਹਾਲਾਂ ਦੇ ਖੇਤਾਂ ਵਿੱਚ ਕਿਸਾਨਾਂ ਦੀਆਂ ਮੋਟਰਾਂ ’ਤੇ ਲੱਗੇ ਦੋ ਟਰਾਂਸਫਾਰਮਰਾਂ ਦਾ ਤੇਲ ਅਤੇ ਸਾਮਾਨ ਚੋਰੀ ਕਰ ਲਿਆ ਜਦਕਿ ਮੋਟਰਾਂ ਦੀਆਂ ਤਾਰਾਂ ਵੀ ਤਹਿਸ ਨਹਿਸ ਕਰ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਲਗਾਤਾਰ ਮੋਟਰਾਂ, ਘਰਾਂ ਵਿੱਚੋਂ ਗਹਿਣੇ ਤੇ ਨਕਦੀ ਚੋਰੀ ਹੋਣ ਦੇ ਮਾਮਲੇ ਵਿੱਚ ਪੁਲੀਸ ਦੀ ਢਿੱਲਮੱਠ ਕਾਰਨ ਹੀ ਚੋਰਾਂ ਨੇ ਟਰਾਂਸਫਾਰਮਰ ਚੋਰੀ ਕੀਤੇ ਹਨ, ਜਿਸ ਵਿੱਚ ਪੁਲੀਸ ਅਧਿਕਾਰੀਆਂ ਦੀ ਲਾਪ੍ਰਵਾਹੀ ਸਾਬਤ ਹੋ ਰਹੀ ਹੈ। ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਐੱਸਐੱਸਪੀ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਮੋਟਰ, ਟਰਾਂਸਫਾਰਮਰ ਤੇ ਗਹਿਣੇ ਚੋਰੀ ਕਰਨ ਵਾਲੇ ਚੋਰਾਂ ਖਿਲਾਫ਼ ਸਖਤੀ ਵਰਤੀ ਜਾਵੇ ਅਤੇ ਅਜਿਹੇ ਮਾਮਲਿਆਂ ਵਿੱਚ ਢਿੱਲਮੱਠ ਵਰਤਣ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।

Advertisement

ਥਾਣਾ ਮੁਖੀ ਨੇ ਢਿੱਲ-ਮੱਠ ਦੇ ਦੋਸ਼ ਨਕਾਰੇ

ਥਾਣਾ ਮੁਖੀ ਮੁਕੇਰੀਆਂ ਪ੍ਰਮੋਦ ਕੁਮਾਰ ਨੇ ਕਿਹਾ ਕਿ ਪਿੰਡ ਕੋਲੀਆਂ ਦੀ ਚੋਰੀ ਦੇ ਮਾਮਲੇ ਵਿੱਚ ਕੇਸ ਦਰਜ ਕਰ ਕੇ ਦੋ ਚੋਰ ਗ੍ਰਿਫਤਾਰ ਕਰ ਲਏ ਹਨ, ਜਦੋਂਕਿ ਰਹਿੰਦੇ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਿਸਾਨਾਂ ਦੀਆਂ ਮੋਟਰਾਂ ਚੋਰੀ ਦੇ ਮਾਮਲੇ ਵਿੱਚ ਢਿੱਲਮੱਠ ਵਰਤਣ ਦੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਮੋਟਰਾਂ ਚੋਰੀ ਹੋਣ ਦੇ ਮਾਮਲੇ ਦੀ ਹਾਲੇ ਜਾਂਚ ਚੱਲ ਰਹੀ ਹੈ। ਨੰਗਲ ਬਿਹਾਲਾਂ ਮਾਮਲੇ ਦੀ ਜਾਂਚ ਕਰ ਰਹੇ ਹਾਜੀਪੁਰ ਥਾਣੇ ਦੇ ਏਐੱਸਆਈ ਨਾਮਦੇਵ ਨੇ ਕਿਹਾ ਕਿ ਕਿਸਾਨਾਂ ਦੀ ਸ਼ਿਕਾਇਤ ਉਪਰੰਤ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement

Advertisement
Author Image

sukhwinder singh

View all posts

Advertisement