ਕਿਸਾਨਾਂ ਵੱਲੋਂ ਮਿਲਕਫ਼ੈੱਡ ਕਰਮਚਾਰੀਆਂ ਦੇ ਸੰਘਰਸ਼ ਦੀ ਹਮਾਇਤ ਦਾ ਫ਼ੈਸਲਾ
ਖੇਤਰੀ ਪ੍ਰਤੀਨਿਧ
ਬਰਨਾਲਾ, 1 ਅਗਸਤ
ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਦੇ ਸਿੱਟੇ ਵਜੋਂ ਸਹਿਕਾਰੀ ਅਦਾਰੇ ਮਿਲਕਫ਼ੈੱਡ ਦੀ ਹੋਈ ਖਸਤਾ ਹਾਲਤ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ)ਦੀ ਸੂਬਾ ਕਮੇਟੀ ਨੇ ਨੋਟਿਸ ਲੈਂਦਿਆਂ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਿਣ ਮਿਥ ਕੇ ਅਦਾਰੇ ਨੂੰ ਫੇਲ੍ਹ ਕਰਨ ਦੀ ਸਾਜਿਸ਼ ਤਹਿਤ ਮਿਲਕਫੈੱਡ ਵਿੱਚ ਬੇਨਿਯਮੀਆਂ, ਭ੍ਰਿਸ਼ਟਾਚਾਰ ਅਤੇ ਗ਼ਲਤ ਨੀਤੀਆਂ ਦਾ ਬੋਲਬਾਲਾ ਹੈ। ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਮਿਲਕਫੈੱਡ ਦੀ ਮੈਨੇਜਮੈਂਟ ਨੇ ਜੋ ਨਵੀਆਂ ਨੀਤੀਆਂ ਲਿਆਂਦੀਆਂ ਹਨ ਉਹ ਜਾਣਬੁੱਝ ਕੇ ਅਦਾਰੇ ਨੂੰ ਫੇਲ੍ਹ ਕਰਨ ਵਾਲੀਆਂ ਹਨ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਅਜਿਹੀਆਂ ਮਾਰੂ ਨੀਤੀਆਂ ਦੇ ਚਲਦਿਆਂ ਪਿਛਲੇ ਸਮੇਂ ਵਿੱਚ ਹੋਈਆਂ ਘਪਲੇ ਬਾਜ਼ੀਆਂ ਦੀ ਜਾਂਚ ਪੜਤਾਲ ਕਰਕੇ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਅਤੇ ਨਾਂ ਹੀ ਰਿਕਵਰੀਆਂ ਕੀਤੀਆਂ ਗਈਆਂ ਹਨ। ਜੋ ਅਦਾਰੇ ਨੂੰ ਫੇਲ੍ਹ ਕਰਨ ਦੀ ਸਾਜਿਸ਼ ਦਾ ਇੱਕ ਹਿੱਸਾ ਸਨ। ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਕਿ ਅਦਾਰੇ ਨੂੰ ਬਚਾਉਣ ਲਈ ਲੜਾਈ ‘ਚ ਨਿੱਤਰੇ ਇਸ ਦੇ ਕਰਮਚਾਰੀਆਂ ਦੇ ਸੰਘਰਸ਼ ’ਚ ਜਥੇਬੰਦੀ ਸਾਥ ਦੇਵੇਗੀ।