ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨ ਦੀ ਮੌਤ: ਪ੍ਰਨੀਤ ਕੌਰ ਦੇ ਹਮਾਇਤੀ ਹਰਪਾਲਪੁਰ ਦੇ ਖ਼ਿਲਾਫ਼ ਕੇਸ ਦਰਜ

07:18 AM May 06, 2024 IST

ਸਰਬਜੀਤ ਸਿੰਘ ਭੰਗੂ
ਘਨੌਰ, 5 ਮਈ
ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਚੋਣ ਪ੍ਰੋਗਰਾਮ ਦੌਰਾਨ ਹਲਕਾ ਘਨੌਰ ਦੇ ਪਿੰਡ ਸੇਹਰਾ ਵਿੱਚ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਦੇ ਸਬੰਧ ਵਿਚ ਪ੍ਰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਅੱਜ ਆਈਪੀਸੀ ਦੀ ਧਾਰਾ 304 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਧਾਰਾ ਉਦੋਂ ਲੱਗਦੀ ਹੈ ਜਦੋਂ ਕੋਈ ਵਿਅਕਤੀ ਕਿਸੇ ਦੀ ਮੌਤ ਦਾ ਕਾਰਨ ਬਣ ਜਾਵੇ ਪਰ ਇਸ ਨੂੰ ਕਤਲ ਦੀ ਘਟਨਾ ਨਹੀਂ ਮੰਨਿਆ ਜਾਂਦਾ। ਇਹ ਧਾਰਾ ਗੈਰ-ਜ਼ਮਾਨਤੀ ਹੋਣ ਕਰਕੇ ਮੁਲਜ਼ਮ ਨੂੰ ਜੇਲ੍ਹ ਜਾਣਾ ਪੈਂਦਾ ਹੈ ਤੇ ਇਸ ਦੌਰਾਨ ਦੋਸ਼ੀ ਪਾਏ ਜਾਣ ’ਤੇ ਦਸ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਮ੍ਰਿਤਕ ਕਿਸਾਨ ਦੇ ਭਤੀਜੇ ਰੇਸ਼ਮ ਸਿੰਘ ਦੇ ਬਿਆਨਾਂ ’ਤੇ ਥਾਣਾ ਖੇੜੀ ਗੰਡਿਆਂ ਵਿਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਭਾਜਪਾ ਆਗੂ ਪ੍ਰਨੀਤ ਕੌਰ ਦੇ ਸ਼ਨਿਚਰਵਾਰ ਨੂੰ ਸੇਹਰਾ ਪਿੰਡ ਪਹੁੰਚਣ ’ਤੇ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ ਸੀ। ਇਸ ਦੌਰਾਨ ਜਦੋਂ ਉਹ ਪੈਦਲ ਹੀ ਸਮਾਗਮ ਵਾਲੀ ਥਾਂ ’ਤੇ ਜਾਣ ਲੱਗੇ ਤਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਉਨ੍ਹਾਂ ਨੂੰ ਅੱਗੇ ਹੋ ਕੇ ਘੇਰ ਲਿਆ। ਇਸ ਮੌਕੇ ਕਿਸਾਨਾਂ ਅਤੇ ਪ੍ਰਨੀਤ ਕੌਰ ਦੇ ਸਮਰਥਕਾਂ ਦਰਮਿਆਨ ਹੱਥੋਪਾਈ ਵੀ ਹੋਈ। ਇਸ ਮੌਕੇ ਦੀ ਵਾਇਰਲ ਹੋਈ ਵੀਡੀਓ ’ਚ ਹਰਵਿੰਦਰ ਹਰਪਾਲਪੁਰ ਵੀ ਕੁਝ ਕਿਸਾਨਾਂ ਨਾਲ ਹੱਥੋਪਾਈ ਹੁੰਦੇ ਨਜ਼ਰ ਆ ਰਹੇ ਹਨ। ਹਰਪਾਲਪੁਰ ਦਾ ਹਾਲਾਂਕਿ ਤਰਕ ਹੈ ਕਿ ਇਸ ਦੌਰਾਨ ਸੁਰਿੰਦਰਪਾਲ ਆਕੜੀ ਨਾਲ ਉਸ ਦਾ ਸਾਹਮਣਾ ਹੀ ਨਹੀਂ ਹੋਇਆ। ਵਾਇਰਲ ਹੋਈ ਇੱਕ ਹੋਰ ਵੀਡੀਓ ਦੇ ਹਵਾਲੇ ਨਾਲ ਹਰਪਾਲਪੁਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਗੱਡੀ ਤੋਂ ਫਾਸਲੇ ਨਾਲ ਖੜ੍ਹਾ ਸੁਰਿੰਦਰਪਾਲ ਆਕੜੀ ਦਿਲ ਜਾਂ ਮਿਰਗੀ ਦਾ ਦੌਰਾ ਪੈਣ ਮਗਰੋਂ ਹੇਠਾਂ ਡਿੱਗਦਾ ਹੈ ਤੇ ਇਸੇ ਹੀ ਵੀਡੀਓ ’ਚ ਉਹ (ਹਰਪਾਲਪੁਰ) ਪਰਨੀਤ ਕੌਰ ਦੀ ਗੱਡੀ ’ਚ ਬੈਠਾ ਦਿਸ ਰਿਹਾ ਹੈ।

Advertisement

ਕਿਸਾਨਾਂ ਦੇ ਦਬਾਅ ਕਰਕੇ ਝੂਠਾ ਕੇਸ ਦਰਜ ਕੀਤਾ: ਹਰਪਾਲਪੁਰ

ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਪੁਲੀਸ ’ਤੇ ਬਣਾਏ ਦਬਾਅ ਕਰਕੇ ਉਸ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਹਰਪਾਲਪੁਰ ਨੇ ਕਿਹਾ ਕਿ ਕਿਸਾਨ ਸੁਰਿੰਦਰਪਾਲ ਆਕੜੀ ਦੀ ਮੌਤ ਦਾ ਉਸ ਨੂੰ ਵੀ ਦੁੱਖ ਹੈ। ਉਨ੍ਹਾਂ ਕਿਹਾ ਕਿ ਆਕੜੀ ਕਿਸੇ ਕਿਸਾਨ ਜਥੇਬੰਦੀ ਦੀ ਬਜਾਏ ਅਕਾਲੀ ਦਲ ਦਾ ਅਹੁਦੇਦਾਰ ਸੀ ਤੇ ਭਾਜਪਾ ਖ਼ਿਲਾਫ਼ ਕਿਸਾਨਾਂ ਦੇ ਰੂਪ ’ਚ ਆਉਂਦੇ ਰਾਜਸੀ ਪਾਰਟੀਆਂ ਦੇ ਕਾਰਕੁਨਾਂ ਦੀ ਤਰ੍ਹਾਂ ਹੀ ਵਿਰੋਧ ਕਰਨ ਆਇਆ ਸੀ। ਹਰਵਿੰਦਰ ਹਰਪਾਲਪੁਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦਾ ਸਕਾ ਭਾਣਜਾ ਹੈ, ਜੋ ਅਜੇ ਪਿਛਲੇ ਮਹੀਨੇ ਹੀ ਭਾਜਪਾ ’ਚ ਸ਼ਾਮਲ ਹੋਇਆ ਹੈ।

ਹਰਪਾਲਪੁਰ ਦੀ ਗ੍ਰਿਫ਼ਤਾਰੀ ’ਤੇ ਅੜੇ ਕਿਸਾਨ, ਭਲਕ ਤੱਕ ਦਾ ਦਿੱਤਾ ਅਲਟੀਮੇਟਮ

ਕਿਸਾਨ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ।

ਘਨੌਰ/ਰਾਜਪੁਰਾ (ਸਰਬਜੀਤ ਸਿੰਘ ਭੰਗੂ /ਦਰਸ਼ਨ ਸਿੰਘ ਮਿੱਠਾ): ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਘਨੌਰ ਹਲਕੇ ਦੇ ਪਿੰਡ ਸੇਹਰਾ ਵਿਖੇ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਮੌਕੇ ਫੌਤ ਹੋਏ ਕਿਸਾਨ ਸੁਰਿੰਦਰਪਾਲ ਆਕੜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਸਬੰਧੀ ਕਿਸਾਨ ਜਥੇਬੰਦੀਆਂ ਅਤੇ ਅਧਿਕਾਰੀਆਂ ਦਰਮਿਆਨ ਛੇ ਘੰਟੇ ਲੰਬੀ ਚੱਲੀ ਮੀਟਿੰਗ ਰਾਤ ਦਸ ਵਜੇ ਬੇਸਿੱਟਾ ਖ਼ਤਮ ਹੋ ਗਈ। ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਨੂੰ 7 ਮਈ ਤੱਕ ਗ੍ਰਿਫ਼ਤਾਰ ਨਾ ਕੀਤਾ ਗਿਆ, ਤਾਂ ਕਿਸਾਨ 8 ਮਈ ਤੋਂ ਪ੍ਰਨੀਤ ਕੌਰ ਦੀ ਪਟਿਆਲਾ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਅੱਗੇ ਪੱਕਾ ਧਰਨਾ ਲਾ ਦੇਣਗੇ। ਇਸ ਗੱਲ ਦੀ ਪੁਸ਼ਟੀ ਮੀਟਿੰਗ ਮਗਰੋਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਮਨਜੀਤ ਘੁਮਾਣਾ ਨੇ ਕੀਤੀ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਪਹਿਲਾਂ ਮੰਗ ਕੀਤੀ ਸੀ ਕਿ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਜਿਸ ਮਗਰੋਂ ਪੁਲੀਸ ਨੇ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਇੱਕ ਨੌਕਰੀ ਦੇਣ ਸਮੇਤ ਹਰਪਾਲਪੁਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਕਿਸਾਨ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਨਗੇ। ਕਿਸਾਨ ਦੀ ਦੇਹ ਸਿਵਲ ਹਸਪਤਾਲ ਰਾਜਪੁਰਾ ’ਚ ਪਈ ਹੈ। ਰਾਜਪੁਰਾ ਸਥਿਤ ਈਗਲ ਮੋਟਲ ’ਤੇ ਹੋਈ ਮੀਟਿੰਗ ’ਚ ਡੀਆਈਜੀ ਹਰਚਰਨ ਭੁੱਲਰ, ਐੱਸਐੱਸਪੀ ਵਰੁਣ ਸ਼ਰਮਾ, ਐੱਸਡੀਐੱਮ ਜਸਲੀਨ ਕੌਰ ਬਰਾੜ ਤੇ ਸਾਬਕਾ ਡੀਐੱਸਪੀ ਜਸਵਿੰਦਰ ਟਿਵਾਣਾ ਸਮੇਤ ਕਿਸਾਨ ਨੇਤਾ ਸਰਵਣ ਪੰਧੇਰ, ਸਤਨਾਮ ਬਹਿਰੂ, ਮਨਜੀਤ ਘੁਮਾਣਾ, ਦਿਲਬਾਗ ਗਿੱਲ, ਸੁਖਜੀਤ ਹਰਦੋਝੰਡੇ, ਮਲਕੀਤ ਗੁਲਾਮੀਵਾਲਾ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਮੌਜੂਦ ਸਨ।

Advertisement

 

Advertisement
Advertisement