For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਖ਼ਿਲਾਫ਼ ਮੋਰਚੇ ਜਾਰੀ

10:34 AM Oct 22, 2024 IST
ਕਿਸਾਨਾਂ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਖ਼ਿਲਾਫ਼ ਮੋਰਚੇ ਜਾਰੀ
ਕਾਲਾਝਾੜ ਟੌਲ ਪਲਾਜ਼ਾ ’ਤੇ ਧਰਨੇ ਨੂੰ ਸੰਬੋਧਨ ਕਰਦੀ ਹੋਈ ਕੁਲਦੀਪ ਕੌਰ ਘਾਬਦਾਂ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 21 ਅਕਤੂਬਰ
ਝੋਨੇ ਦੀ ਖ਼ਰੀਦ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਵੱਲੋਂ ਅੱਜ ਚੌਥੇ ਦਿਨ ਟੌਲ ਪਲਾਜ਼ਾ ਕਾਲਾਝਾੜ ਨੂੰ ਪਰਚੀ ਮੁਫ਼ਤ ਕਰ ਕੇ ਧਰਨੇ ਦੀ ਕਮਾਂਡ ਕਿਸਾਨ ਬੀਬੀਆਂ ਵੱਲੋਂ ਸੰਭਾਲੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀਆਂ ਆਗੂ ਕੁਲਦੀਪ ਕੌਰ ਘਾਬਦਾਂ ਅਤੇ ਜਸਵਿੰਦਰ ਕੌਰ ਮਹਿਲਾਂ ਚੌਕ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਔਰਤਾਂ ਵੀ ਮੈਦਾਨ ਵਿੱਚ ਨਿੱਤਰ ਪਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਔਰਤਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਨਾਲ ਕਿਸਾਨ ਸੰਘਰਸ਼ ਹੁਣ ਹੋਰ ਵੀ ਬੁਲੰਦੀਆਂ ਛੂਹ ਲਵੇਗਾ।
ਇਸ ਮੌਕੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਬਲਾਕ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਬਲਾਕ ਸਕੱਤਰ ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ ਅਤੇ ਬਲਾਕ ਖ਼ਜਾਨਚੀ ਬਲਵਿੰਦਰ ਸਿੰਘ ਘਨੌੜ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਦੇ ਪੁਖਤਾ ਪ੍ਰਬੰਧ ਅਤੇ ਡੀਏਪੀ ਖਾਦ ਦੀ ਘਾਟ ਪੂਰੀ ਕਰਨ ਸਣੇ ਅੱਠ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਸਾਰੇ ਪੰਜਾਬ ਵਿੱਚ ਮੋਰਚੇ ਜਾਰੀ ਰਹਿਣਗੇ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਥੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੇ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ’ਚ ਅਨਾਜ ਦੀ ਥੁੜ੍ਹ ਹੈ। ਇਸ ਦੌਰਾਨ ਭਾਰਤ ਵਿੱਚ ਵੀ ਲੋਕ ਭੁੱਖਮਰੀ ਨਾਲ ਮਰ ਰਹੇ ਹਨ ਦੂਜੇ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਸਾਜ਼ਿਸ਼ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸਿਰ ’ਤੇ ਹੋਣ ਕਾਰਨ ਸੂਬੇ ਵਿੱਚ ਡੀਏਪੀ ਖਾਦ ਦੀ ਫ਼ਰਜ਼ੀ ਕਿੱਲਤ ਪੈਦਾ ਕੀਤੀ ਗਈ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਬੀਕੇਯੂ ਏਕਤਾ-ਉਗਰਾਹਾਂ ਦੇ ਬਲਾਕ ਐਕਟਿੰਗ ਪ੍ਰਧਾਨ ਬਹਾਦਰ ਸਿੰਘ ਭੁਟਾਲ ਦੀ ਅਗਵਾਈ ਵਿੱਚ ਲਹਿਰਾਗਾਗਾ ਵਿੱਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ ਦੇ ਦਫ਼ਤਰ ਅੱਗੇ ਚੱਲ ਰਹੇ ਦਿਨ ਰਾਤ ਦਾ ਪੱਕਾ ਮੋਰਚਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਬੁਲਾਰਿਆਂ ਨੇ ਸੂਬਾ ਤੇ ਕੇਂਦਰ ਸਰਕਾਰ ’ਤੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਧੱਕਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ਅੰਦਰ ਝੋਨੇ ਦੀ ਬੇ-ਕਦਰੀ ਹੋ ਰਹੀ ਹੈ ਤੇ ਕਣਕ ਦੀ ਬਿਜਾਈ ਵਾਸਤੇ ਡੀਏਪੀ ਨਹੀਂ ਮਿਲ ਰਹੀ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਬੀਕੇਯੂ ਏਕਤਾ ਉਗਰਾਹਾਂ ਨੇ ਕਿਸਾਨ ਆਗੂ ਅਮਰੀਕ ਸਿੰਘ ਘੱਗਾ ਦੀ ਆਗਵਾਈ ਵਿੱਚ ਕਿਸਾਨੀ ਨਾਲ ਜੁੜੀਆਂ ਮੰਗਾਂ ਸਬੰਧੀ ਗੋਬਿੰਦਪੁਰਾ ਪੈਂਦ ਵਾਲਾ ਟੌਲ ਪਲਾਜ਼ਾ ਪਰਚੀ ਤੋਂ ਮੁਕਤ ਰੱਖਿਆ। ਕਿਸਾਨ ਆਗੂ ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨੀ ਨਾਲ ਜੁੜੀਆਂ ਮੰਗਾਂ ਜਦੋਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਸੂਬਾ ਕਮੇਟੀ ਦੀ ਹਦਾਇਤ ’ਤੇ ਟੌਲ ਮੁਫ਼ਤ ਰੱਖਿਆ ਜਾਵੇਗਾ।
ਇਸ ਮੌਕੇ ਅਵਤਾਰ ਸਿੰਘ ਬੂਰੜ, ਗੁਰਮੁਖ ਸਿੰਘ ਕਲਵਾਨੂੰ, ਤੇਜਪਾਲ ਸਿੰਘ ਭੂਤਗੜ੍ਹ, ਅਜੈਬ ਸਿੰਘ ਦਫ਼ਤਰੀ ਵਾਲਾ ਨੇ ਸੰਬੋਧਨ ਕੀਤਾ। ਸਟੇਜ ਦੀ ਭੂਮਿਕਾ ਬਲਮ ਸਿੰਘ ਨਿਆਲ ਨੇ ਨਿਭਾਈ। ਧਰਨੇ ਵਿੱਚ ਬੀਬੀਆਂ ਦੀ ਵੱਡੀ ਗਿਣਤੀ ’ਚ ਸ਼ਾਮਲ ਸਨ।
ਅਮਰਗੜ੍ਹ (ਰਾਜਿੰਦਰ ਜੈਦਕਾ): ਬੀਕੇਯੂ ਏਕਤਾ-ਉਗਰਾਹਾਂ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਭੁਰਥਲਾ ਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸਰੌਦ ਦੀ ਅਗਵਾਈ ਹੇਠ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਦਫ਼ਤਰ ਅੱਗੇ ਦਿਨ-ਰਾਤ ਦਾ ਪੱਕਾ ਮੋਰਚਾ ਚੌਥੇ ਦਿਨ ’ਚ ਸ਼ਾਮਲ ਹੋ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰਾਂ ਝੋਨੇ ਦੀ ਖ਼ਰੀਦ ਵਿੱਚ ਪੂਰੀ ਢਿੱਲ ਵਰਤ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ 10-10 ਦਿਨਾਂ ਤੋਂ ਮੰਡੀਆਂ ’ਚ ਖੱਜਲ ਹੋ ਰਹੇ ਹਨ। ਜ਼ਿਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਡੀਏਪੀ ਦੀ ਕਮੀ ਜਾਣ ਬੁੱਝ ਪੈਦਾ ਕੀਤੀ ਸਮੱਸਿਆ ਹੈ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਝੋਨੇ ਦੀ ਖ਼ਰੀਦ ਵਿੱਚ ਹੋ ਰਹੀ ਦੇਰੀ ਖ਼ਿਲਾਫ਼ ਮੰਤਰੀ ਅਮਨ ਅਰੋੜਾ ਦੀ ਸਥਾਨਕ ਸ਼ਹਿਰ ’ਚ ਸਥਿਤ ਰਿਹਾਇਸ਼ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਅੱਜ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵਲੋਂ ਮੰਗਾਂ ਦੀ ਪੂਰਤੀ ਹੋਣ ਤੱਕ ਲਾਏ ਇਸ ਪੱਕੇ ਮੋਰਚੇ ਦੀ ਅਗਵਾਈ ਜਥੇਬੰਦੀ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਕਰ ਰਹੇ ਹਨ।
ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਸਰਕਾਰਾਂ ਜਾਣਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਵਿੱਚ ਬੇਲੋੜੀ ਦੇਰੀ ਅਤੇ ਸੂਬੇ ਵਿੱਚ ਡੀਏਪੀ ਖਾਦ ਦੀ ਕਿੱਲਤ ਹੁਕਮਰਾਨਾਂ ਦੀ ਕਿਸਾਨੀ ਪ੍ਰਤੀ ਸੌੜੀ ਸੋਚ ਬਿਆਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ਼ਾਰੇ ਉੱਤੇ ਪੰਜਾਬ ਵਿੱਚ ਵੱਡੀ ਗਿਣਤੀ ਅਫ਼ਸਰ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦਾ ਪਤਾ ਲਾਉਣ ਲਈ ਲਗਾਏ ਗਏ ਹਨ ਪਰ ਮੌਜੂਦਾ ਸਮੇਂ ਵਿੱਚ ਮੰਡੀਆਂ ਵਿੱਚ ਰੁਲ ਰਹੇ ਕਿਸਾਨ ਦੀ ਕੋਈ ਵੀ ਸਰਕਾਰ ਜਾਂ ਅਫਸਰ ਸਾਰ ਨਹੀਂ ਲੈ ਰਿਹਾ। ਇਸ ਮੌਕੇ ਸੁਖਪਾਲ ਸਿੰਘ ਮਾਣਕ ਕਣਕਵਾਲ, ਮਨੀ ਸਿੰਘ ਭੈਣੀ, ਜਸਵੀਰ ਕੌਰ ਉਗਰਾਹਾਂ, ਚਰਨਜੀਤ ਕੌਰ ਜਖੇਪਲ, ਮਨਜੀਤ ਕੌਰ ਤੋਲਾਵਾਲ, ਬਲਜੀਤ ਕੌਰ ਖਡਿਆਲ ਤੇ ਹੋਰ ਕਿਸਾਨ ਹਾਜ਼ਰ ਸਨ।

Advertisement

ਕਿਸਾਨਾਂ ਨੂੰ ਮੰਡੀਆਂ ’ਚ ਰੋਲਣ ਲਈ ਦੋਵੇਂ ਸਰਕਾਰਾਂ ਜ਼ਿੰਮੇਵਾਰ: ਬਰਾਸ

ਪਟਿਆਲਾ (ਸਰਬਜੀਤ ਸਿੰਘ ਭੰਗੂ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਭਾਜਪਾ ਆਗੂ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਦੀ ਰਿਹਾਇਸ਼ ਮੋਤੀ ਮਹਿਲ ਦੇ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਯੂਨੀਅਨ ਦੇ ਸੰਯੁਕਤ ਸਕੱਤਰ ਬਲਰਾਜ ਜੋਸ਼ੀ ਦੀ ਅਗਵਾਈ ਵਿੱਚ ਕਿਸਾਨ ਇਥੇ ਦਿਨ-ਰਾਤ ਡਟੇ ਹੋਏ ਹਨ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਕਿਹਾ ਕਿ ਕੇਂਦਰ ਨੇ ਗੋਦਾਮਾਂ ਵਿੱਚੋਂ ਮਾਲ ਨਹੀਂ ਚੁੱਕਿਆ ਅਤੇ ਪੰਜਾਬ ਸਰਕਾਰ ਨੇ ਖ਼ਰੀਦ ਸਮੇਤ ਹੋਰ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਜਿਸ ਕਰ ਕੇ ਮੰਡੀਆਂ ’ਚ ਫ਼ਸਲ ਰੋਲਣ ਲਈ ਇਹ ਦੋਵੇਂ ਧਿਰਾਂ ਹੀ ਜ਼ਿੰਮੇਵਾਰ ਹਨ। ਇਸ ਮੌਕੇ ਜਗਦੀਪ ਛੰਨਾ, ਬਲਵੰਤ ਅਗੇਤਾ, ਹਰਦੀਪ ਡਰੌਲੀ, ਜਸਵਿੰਦਰ ਸਾਲੂਵਾਲ, ਭੁਪਿੰਦਰ ਕੁਲਬੁਰਛਾਂ, ਭਰਪੂ ਗਾਜੇਵਾਸ਼, ਚੇਤਨ ਬੁਜਰਕ ਤੇ ਭੋਲਾ ਸਿੰਘ ਸਮੇਤ ਜਸਦੇਵ ਨੂਗੀ, ਰਾਣਾ ਨਿਰਮਾਣ, ਹਰਦੀਪ ਸੇਹਰਾ ਆਦਿ ਕਿਸਾਨ ਆਗੂ ਵੀ ਮੌਜੂਦ ਸਨ।

Advertisement

Advertisement
Author Image

Advertisement