ਕਿਸਾਨਾਂ ਵੱਲੋਂ ਮੰਡੀਆਂ ਵਿੱਚ ਕਥਿਤ ਲੁੱਟ ਬਾਰੇ ਐੱਸਡੀਐੱਮ ਨੂੰ ਸ਼ਿਕਾਇਤ
ਹਰਜੀਤ ਸਿੰਘ
ਡੇਰਾਬੱਸੀ, 4 ਨਵੰਬਰ
ਕਿਸਾਨਾਂ ਨੇ ਐੱਸਡੀਐੱਮ ਅਮਿਤ ਕੁਮਾਰ ਨੂੰ ਇਕ ਸ਼ਿਕਾਇਤ ਦੇ ਕੇ ਇਲਾਕੇ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਵੇਚਣ ਦੌਰਾਨ ਆੜ੍ਹਤੀਆਂ ’ਤੇ ਲੁੱਟ ਕਰਨ ਦਾ ਦੋਸ਼ ਲਾਇਆ ਹੈ। ਕਿਸਾਨਾਂ ਨੇ ਮੰਡੀਆਂ ਵਿੱਚ ਪੇਸ਼ ਆ ਰਹੀ ਦਿੱਕਤਾਂ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾਂ ਨੂੰ ਫੌਰੀ ਹੱਲ ਕਰਨ ਦੀ ਮੰਗ ਕੀਤੀ ਹੈ।
ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਫ਼ਸਲਾਂ ਦੇ ਢੇਰ ਲੱਗੇ ਹੋਏ ਹਨ। ਆਪਣੀ ਫ਼ਸਲ ਵੇਚਣ ਦੀ ਉਡੀਕ ਵਿੱਚ ਬੇਠੇ ਕਿਸਾਨਾਂ ਨਾਲ ਵੱਖ-ਵੱਖ ਹਥਕੰਡੇ ਅਪਣਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਉਤਰੀਆਂ ਕਿਸਾਨ ਯੂਨੀਅਨਾਂ ਵੱਲੋਂ ਅੱਜ ਐੱਸਡੀਐੱਮ ਦਫ਼ਤਰ ਪਹੁੰਚ ਕੇ ਮੰਗ ਪੱਤਰ ਦਿੰਦੇ ਹੋਏ ਆੜ੍ਹਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਮੰਡੀਆਂ ਵਿੱਚ ਕਿਸਾਨਾਂ ਨਾਲ ਹੋ ਰਹੀ ਲੁੱਟ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ ਦੀ ਅਗਵਾਈ ਹੇਠ ਕਿਸਾਨਾਂ ਨੇ ਡੇਰਾਬੱਸੀ ਦੀ ਧਨੋਨੀ, ਅਮਲਾਲਾ ਅਤੇ ਸਮਗੌਲੀ ਮੰਡੀ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ, ਜਿਵੇਂ ਕਿ ਭਰਾਈ ਤੇ ਚੁਕਾਈ ਦੀ ਅਦਾਇਗੀ ਨਾ ਪਾਉਣੀ ਅਤੇ ਕਿਸਾਨ ’ਤੇ ਨਾਜਾਇਜ਼ 150 ਤੋਂ 200 ਰੁਪਏ ਪ੍ਰਤੀ ਕੁਇੰਟਲ ਕੱਟ ਲਾਉਣ ਬਾਰੇ ਜਾਣੂ ਕਰਵਾਇਆ। ਇਸ ਮੌਕੇ ਕਿਸਾਨਾਂ ਨੇ ਇਕ ਆੜ੍ਹਤੀ ਬਾਰੇ ਵੀ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ।
ਐੱਸਡੀਐੱਮ ਅਮਿਤ ਕੁਮਾਰ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਿਸਾਨਾਂ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਕਰਮ ਸਿੰਘ ਕਾਰਕੌਰ ਬਲਾਕ ਪ੍ਰਧਾਨ ਡੇਰਾਬੱਸੀ, ਲਖਵਿੰਦਰ ਸਿੰਘ ਕਰਾਲਾ ਮੀਤ ਪ੍ਰਧਾਨ ਜ਼ਿਲ੍ਹਾ ਮੁਹਾਲੀ, ਅਵਤਾਰ ਸਿੰਘ ਜਵਾਹਰਪੁਰ, ਜਗਵਿੰਦਰ ਸਿੰਘ ਧਨੌਨੀ ਆਦਿ ਹਾਜ਼ਰ ਸਨ।