ਕਿਸਾਨਾਂ ਨੇ ਤਿੰਨ ਘੰਟਿਆਂ ਲਈ ਟੌਲ ਪਲਾਜ਼ੇ ਬੰਦ ਕਰਵਾਏ
ਕਰਮਜੀਤ ਸਿੰਘ ਚਿੱਲਾ
ਬਨੂੜ, 15 ਫਰਵਰੀ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਕਿਸਾਨ ਜਥੇਬੰਦੀਆਂ ਨੇ ਕਈ ਥਾਈਂ ਟੌਲ ਪਲਾਜ਼ੇ ਪੈਸਿਆਂ ਤੋਂ ਮੁਕਤ ਕੀਤੇ। ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਨੂੰ ਕਿਸਾਨਾਂ ਨੇ ਗਿਆਰਾਂ ਤੋਂ ਦੋ ਵਜੇ ਤੱਕ ਤਿੰਨ ਘੰਟੇ ਲਈ ਮੁਫ਼ਤ ਕੀਤਾ। ਕੁੱਝ ਸਮੇਂ ਲਈ ਪਲਾਜ਼ੇ ਦੇ ਸਕੈਨਰ ਬੰਦ ਨਾ ਹੋਣ ਕਾਰਨ ਕੁੱਝ ਰਾਹਗੀਰਾਂ ਦੇ ਖਾਤਿਆਂ ਵਿੱਚੋਂ ਪੈਸੇ ਕਟ ਗਏ ਸਨ, ਜਿਹੜੇ ਕਿਸਾਨ ਕਾਰਕੁਨਾਂ ਵੱਲੋਂ ਵਾਪਸ ਕਰਾਏ ਗਏ। ਇਸ ਦੌਰਾਨ ਧਰਨੇ ਦੌਰਾਨ ਸਾਬਕਾ ਫੌਜੀ ਵੀ ਕਿਸਾਨਾਂ ਨਾਲ ਡਟੇ ਰਹੇ।
ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਕਿਰਪਾਲ ਸਿੰਘ ਸਿਆਊ, ਗੁਰਦਰਸ਼ਨ ਸਿੰਘ ਖਾਸਪੁਰ, ਮੋਹਣ ਸਿੰਘ ਸੋਢੀ, ਸੱਤਪਾਲ ਸਿੰਘ ਰਾਜੋਮਾਜਰਾ, ਲਖਵਿੰਦਰ ਸਿੰਘ ਕਰਾਲਾ, ਦਰਸ਼ਨ ਸਿੰਘ ਦੁਰਾਲੀ, ਕੁਲਵੰਤ ਸਿੰਘ ਚਿੱਲਾ, ਅੰਗਰੇਜ਼ ਸਿੰਘ, ਜਸਮਿੰਦਰ ਸਿੰਘ, ਜਗਜੀਤ ਸਿੰਘ ਕਰਾਲਾ ਅਤੇ ਸਾਬਕਾ ਫੌਜੀਆਂ ਦੀ ਜਥੇਬੰਦੀ ਦੇ ਪ੍ਰਧਾਨ ਪ੍ਰੇਮ ਸਿੰਘ ਬਨੂੜ ਦੀ ਅਗਵਾਈ ਹੇਠ ਇਕੱਤਰ ਧਰਨਾਕਾਰੀਆਂ ਨੇ ਇਸ ਮੌਕੇ ਕੇਂਦਰ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਸ਼ੰਭੂ ਤੇ ਖਨੌਰੀ ਹੱਦਾਂ ਉੱਤੇ ਹਰਿਆਣਾ ਪੁਲੀਸ ਵੱਲੋਂ ਸ਼ਾਂਤਮਈ ਸੰਘਰਸ਼ ਕਰਨ ਲਈ ਦਿੱਲੀ ਜਾ ਰਹੇ ਕਿਸਾਨਾਂ ’ਤੇ ਅਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਚਲਾਏ ਜਾਣ ਦੀ ਨਿਖੇਧੀ ਕੀਤੀ। ਕਿਸਾਨ ਆਗੂਆਂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 16 ਫਰਵਰੀ ਨੂੰ ਵੀ ਭਾਰਤ ਬੰਦ ਨੂੰ ਸਫ਼ਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ 12 ਤੋਂ 4 ਵਜੇ ਤੱਕ ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਉੱਤੇ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਸਮੁੱਚੇ ਵਰਗਾਂ ਨੂੰ ਭਾਰਤ ਬੰਦ ਮੌਕੇ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ।
ਕੁਰਾਲੀ (ਮਿਹਰ ਸਿੰਘ): ਲੋਕ ਹਿੱਤ ਮਿਸ਼ਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਟੌਲ ਪਲਾਜ਼ਾ ਬੜੌਦੀ ਉਤੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਵਾਹਨਾਂ ਲਈ ਲਾਂਘਾ ਟੌਲ ਫ਼ਰੀ ਕੀਤਾ ਗਿਆ। ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਰਵਿੰਦਰ ਸਿੰਘ ਹੁਸ਼ਿਆਰਪੁਰ, ਸਰਪੰਚ ਹਰਜੀਤ ਸਿੰਘ ਢਕੋਰਾਂ, ਜਸਵੀਰ ਸਿੰਘ ਲਾਲਾ ਸਲੇਮਪੁਰ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਨੇ ਇਸ ਮੌਕੇ ਟੌਲ ਪਲਾਜ਼ਾ ਅੱਗੇ ਰੋਸ ਧਰਨਾ ਦਿੱਤਾ।
ਸ੍ਰੀ ਕੀਰਤਪੁਰ ਸਾਹਿਬ (ਬੀਐੱਸ ਚਾਨਾ): ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ, ਆਲ ਇੰਡੀਆ ਕਿਸਾਨ ਮਜ਼ਦੂਰ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਕੌਮੀ ਮਾਰਗ ’ਤੇ ਪਿੰਡ ਮੋੜਾ ਵਿਖੇ ਲੱਗੇ ਟੌਲ ਪਲਾਜ਼ਾ ਨੂੰ ਸਵੇਰੇ 11 ਤੋਂ ਬਾਅਦ ਦੁਪਹਿਰ 2 ਵਜੇ ਤੱਕ ਬੰਦ ਕੀਤਾ ਗਿਆ। ਇਸ ਦੌਰਾਨ ਸਾਰੇ ਵਾਹਨਾਂ ਨੂੰ ਬਿਨਾਂ ਟੌਲ ਪਲਾਜ਼ਾ ਪਰਚੀ ਕਟਵਾਏ ਮੁਫ਼ਤ ਲਾਂਘਾ ਦਿੱਤਾ ਗਿਆ।
ਕਿਸਾਨਾਂ ਨੂੰ ਧਰਨੇ ਲਾਉਣ ਲਈ ਮਜਬੂਰ ਕਰ ਰਹੀ ਹੈ ਕੇਂਦਰ ਸਰਕਾਰ: ਕਿਸਾਨ ਆਗੂ
ਰੂਪਨਗਰ (ਜਗਮੋਹਨ ਸਿੰਘ): ਇੱਥੇ ਅੱਜ ਇੱਥੇ ਸੋਲਖੀਆਂ ਟੌਲ ਪਲਾਜ਼ੇ ’ਤੇ ਕਿਸਾਨਾਂ ਨੇ 11 ਤੋਂ 2 ਵਜੇ ਤੱਕ ਰੋਸ ਪ੍ਰਦਰਸ਼ਨ ਕਰਦਿਆਂ ਰਾਹਗੀਰਾਂ ਨੂੰ ਬਿਨਾਂ ਟੌਲ ਪਰਚੀ ਕਟਵਾਇਆ ਟੋਲ ਪਲਾਜ਼ਾ ਪਾਰ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਰੇਸ਼ਮ ਸਿੰਘ ਬਹਿਡਾਲੀ ਜ਼ਿਲ੍ਹਾ ਪ੍ਰਧਾਨ ਕਾਦੀਆਂ ਗਰੁੱਪ ਤੇ ਮੋਹਰ ਸਿੰਘ ਖਾਬੜਾ, ਰੁਪਿੰਦਰ ਸਿੰਘ ਖੁਆਸਪੁਰਾ , ਕਿਰਤੀ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਬੜਵਾ, ਜਗਮਨਦੀਪ ਸਿੰਘ ਪੜ੍ਹੀ,ਪਵਨ ਕੁਮਾਰ ਚੱਕ ਕਰਮਾ ਮੀਡੀਆ ਇੰਚਾਰਜ ਸੰਯੁਕਤ ਕਿਸਾਨ ਮੋਰਚਾ ਰੂਪਨਗਰ, ਨਿਰਮਲ ਸਿੰਘ ਲੌਦੀਮਾਜਰਾ ਆਦਿ ਸਮੇਤ ਹੋਰ ਵੱਡੀ ਗਿਣਤੀ ਆਗੂਆਂ ਨੇ ਦੋਸ਼ ਲਗਾਇਆ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਉੱਥੇ ਹੀ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਅੱਤਿਆਚਾਰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ ਦੇ ਸਬਰ ਸੰਤੋਖ ਨੂੰ ਪਰਖਣਾ ਬੰਦ ਕਰ ਦੇਵੇ।