ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਦੇ ‘ਪੰਜਾਬ ਬੰਦ’ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

07:33 AM Dec 31, 2024 IST
ਪੰਜਾਬ ਬੰਦ ਦੌਰਾਨ ਮੁਹਾਲੀ ਦੀ ਏਅਰਪੋਰਟ ਰੋਡ ’ਤੇ ਧਰਨਾ ਦਿੰਦੇ ਹੋਏ ਕਿਸਾਨ ਅਤੇ ਹੋਰ। -ਫੋਟੋ: ਵਿੱਕੀ ਘਾਰੂ

ਦਰਸ਼ਨ ਸਿੰਘ ਸੋਢੀ
ਐੱਸਏਐਸ ਨਗਰ (ਮੁਹਾਲੀ), 30 ਦਸੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ ’ਤੇ ਅੱਜ ਪੰਜਾਬ ਬੰਦ ਨੂੰ ਆਮ ਨਾਗਰਿਕਾਂ, ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਦਾ ਪੂਰਨ ਸਮਰਥਨ ਮਿਲਿਆ। ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਜ਼ਿਲ੍ਹਾ ਮੁਹਾਲੀ ਪੂਰਨ ਤੌਰ ’ਤੇ ਬੰਦ ਰਿਹਾ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੁਹਾਲੀ ਜ਼ਿਲ੍ਹੇ 15 ਤੋਂ 18 ਥਾਵਾਂ ’ਤੇ ਸੜਕਾਂ ’ਤੇ ਧਰਨੇ ਲਗਾ ਕੇ ਸਰਕਾਰਾਂ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਮੁਹਾਲੀ-ਖਰੜ ਨੈਸ਼ਨਲ ਹਾਈਵੇਅ ਸਣੇ ਹੋਰ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਰਹੀ। ਉਂਜ ਸਾਰੀਆਂ ਥਾਵਾਂ ’ਤੇ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ। ਐਂਬੂਲੈਂਸਾਂ, ਬਰਾਤਾਂ, ਮੁਹਾਲੀ ਏਅਰਪੋਰਟ ’ਤੇ ਜਾਣ ਵਾਲਿਆਂ ਨੂੰ ਲੰਘਣ ਦਿੱਤਾ ਗਿਆ। ਐੱਸਪੀ ਸਿਟੀ ਹਰਬੀਰ ਸਿੰਘ ਅਟਵਾਲ ਅਤੇ ਡੀਐੱਸਪੀ ਹਰਸਿਮਰਨ ਸਿੰਘ ਬੱਲ ਤੇ ਹਰਸਿਮਰਤ ਸਿੰਘ ਨੇ ਮੁਹਾਲੀ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲੀ।

Advertisement

ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਅੱਡੇ ’ਤੇ ਬੱਸਾਂ ਨਾ ਮਿਲਣ ਕਾਰਨ ਖੁਆਰ ਹੁੰਦੀਆਂ ਹੋਈਆਂ ਸਵਾਰੀਆਂ। -ਫੋਟੋ: ਪਰਦੀਪ ਤਿਵਾੜੀ

ਮੁਹਾਲੀ ਜ਼ਿਲ੍ਹੇ ਦਾ ਸਭ ਤੋਂ ਵੱਡਾ ਧਰਨਾ ਪ੍ਰਦਰਸ਼ਨ ਸੈਕਟਰ-81 ਅਤੇ ਸੈਕਟਰ-82 ਦੀ ਸਾਂਝੀ ਹੱਦ ’ਤੇ ਦੇਖਣ ਨੂੰ ਮਿਲਿਆ। ਇੱਥੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਪੁਆਧ, ਡਕੌਂਦਾ, ਕ੍ਰਾਂਤੀਕਾਰੀ, ਲੱਖੋਵਾਲ, ਕਿਸਾਨ ਤੇ ਜਵਾਨ ਭਲਾਈ ਯੂਨੀਅਨ, ਸਿੱਧੂਪੁਰ ਅਤੇ ਹੋਰਨਾਂ ਜਥੇਬੰਦੀਆਂ ਦੇ ਕਿਸਾਨਾਂ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ। ਛੋਟੇ ਛੋਟੇ ਬੱਚੇ ਵੀ ਕਿਸਾਨੀ ਝੰਡੇ ਚੁੱਕੀ ਨਜ਼ਰ ਆਏ। ਇਸ ਧਰਨੇ ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਪਹੁੰਚ ਕੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।
ਇਸ ਮੌਕੇ ਬੀਬੀ ਹਰਮਨਪ੍ਰੀਤ ਕੌਰ ਵਿਰਕ, ਪਰਮਦੀਪ ਸਿੰਘ ਬੈਦਵਾਨ, ਤਰਲੋਚਨ ਸਿੰਘ, ਕੁਲਦੀਪ ਸਿੰਘ ਭਾਗੋਮਾਜਰਾ, ਪ੍ਰਤੀਕ ਸਿੰਘ, ਕਰਮਜੀਤ ਸਿੰਘ ਚਿੱਲਾ, ਨੰਬਰਦਾਰ ਹਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ, ਸੰਘਰਸ਼ ਜਾਰੀ ਰਹਿਣਗੇ। ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਏਅਰਪੋਰਟ ਸੜਕ ਸਮੇਤ ਸੀਪੀ-67 ਮਾਲ ਚੌਕ, ਪਿੰਡ ਚਿੱਲਾ ਮੋੜ ਨੇੜੇ ਰੇਲਵੇ ਪਟੜੀ ’ਤੇ ਵੀ ਕਿਸਾਨੀ ਝੰਡੇ ਲਹਿਰਾ ਕੇ ਰੇਲਾਂ ਰੋਕੀਆਂ ਗਈਆਂ। ਖਰੜ ਮੇਨ ਬੱਸ ਅੱਡੇ, ਸੈਕਟਰ-123 ਸਥਿਤ ਗੋਪਾਲ ਸਵੀਟਸ ਚੌਕ, ਦਾਊਂ-ਬੱਲੋਮਾਜਰਾ, ਖਰੜ ਲਾਂਡਰਾਂ ਰੋਡ, ਲਾਂਡਰਾਂ ਤੋਂ ਬਨੂੜ ਸੜਕ, ਨੈਸ਼ਨਲ ਹਾਈਵੇਅ ’ਤੇ ਫਲਾਈਓਵਰ ਦੇ ਉੱਤੇ ਅਤੇ ਥੱਲੇ, ਜ਼ੀਰਕਪੁਰ, ਦੱਪਰ ਟੌਲ ਪਲਾਜ਼ਾ, ਸਰਸੀਣੀ, ਝਰਮਣੀ, ਅਜੀਜਪੁਰ ਟੌਲ ਪਲਾਜ਼ਾ, ਬਨੂੜ, ਕੁਰਾਲੀ, ਸਿਸਵਾਂ ਸੜਕ, ਮਾਜਰੀ ਬਲਾਕ, ਮੁੱਲਾਂਪੁਰ ਗਰੀਬਦਾਸ, ਨਿਊ ਚੰਡੀਗੜ੍ਹ ਅਤੇ ਹੋਰਨਾਂ ’ਤੇ ਸੜਕਾਂ ਜਾਮ ਕੀਤੀਆਂ ਗਈਆਂ।

ਬਨੂੜ (ਕਰਮਜੀਤ ਸਿੰਘ ਚਿੱਲਾ):

Advertisement

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਬਨੂੜ ਖੇਤਰ ਵਿੱਚ ਭਰਵਾਾਂ ਹੁੰਗਾਰਾ ਮਿਲਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਦੇ ਬਲਾਕ ਪ੍ਰਧਾਨ ਤਰਲੋਚਨ ਸਿੰਘ ਨੰਡਿਆਲੀ, ਭੁਪਿੰਦਰ ਸਿੰਘ ਆਦਿ ਕਿਸਾਨਾਂ ਨੇ ਅਜ਼ੀਜ਼ਪੁਰ ਟੌਲ ਪਲਾਜ਼ੇ ’ਤੇ ਜਾਮ ਲਾਇਆ। ਇਸ ਵਿੱਚ ਬੀਬੀਆਂ ਸਣੇ ਸਾਬਕਾ ਸੈਨਿਕਾਂ, ਪੰਜਾਬ ਰੋਡਵੇਜ਼ ਬਸ ਕੰਟਰੈਕਟ ਯੂਨੀਅਨ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਕਿਸਾਨ ਆਗੂ ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ ਰਾਮਪੁਰ, ਹਰਜਿੰਦਰ ਸਿੰਘ ਬੂਟਾ ਸਿੰਘ ਵਾਲਾ, ਹਰਮਿੰਦਰ ਬਿੱਲਾ ਜੰਗਪੁਰਾ, ਭੁਪਿੰਦਰ ਸਿੰਘ ਦੀ ਰਹਿਨਮੁਈ ਹੇਠ ਬਨੂੜ-ਰਾਜਪੁਰਾ ਕੌਮੀ ਮਾਰਗ ਤੇ ਪਿੰਡ ਜੰਗਪੁਰਾ ਨੇੜੇ ਜਾਮ ਲਾਇਆ ਗਿਅ। ਧਰਮਗੜ੍ਹ ਟੀ-ਪੁਆਇੰਟ ਤੇ ਸਰਪੰਚ ਹਰਬੰਸ ਸਿੰਘ, ਗੁਰਦੀਪ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਜਾਮ ਲਾਇਆ। ਬਨੂੜ ਬੈਰੀਅਰ ਚੌਕ ਤੇ ਲੱਗੇ ਜਾਮ ਵਿੱਚ ਵਪਾਰ ਮੰਡਲ ਬਨੂੜ ਨੇ ਸ਼ਮੂਲੀਅਤ ਕੀਤੀ। ਦੈੜੀ ਵਿੱਚ ਏਅਰਪੋਰਟ ਚੌਕ ’ਤੇ ਜਾਮ ਲਗਾਇਆ ਗਿਆ। ਸਨੇਟਾ ਅਤੇ ਦੁਰਾਲੀ ਵਿਖੇ ਵੀ ਕਿਸਾਨਾਂ ਨੇ ਜਾਮ ਲਗਾਏ। ਸੜਕਾਂ ਤੇ ਲਗਾਏ ਜਾਮਾਂ ਕਾਰਨ ਰਾਹਗੀਰਾਂ ਨੂੰ ਖੱਜਲ-ਖੁਆਰੀ ਵੀ ਹੋਈ ਤੇ ਕੌਮੀ ਮਾਰਗ ਉੱਤੇ ਭਾੜਾ ਢੋਹਣ ਵਾਲੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ ਤੇ ਚਾਰ ਵਜੇ ਜਾਮ ਖੋਲ੍ਹੇ ਜਾਣ ਤੋਂ ਬਾਅਦ ਸਾਰੀ ਆਵਾਜਾਈ ਬਹਾਲ ਹੋਈ।

ਧਰਨਿਆਂ ਦੌਰਾਨ ਐਂਬੂਲੈਂਸਾਂ ਨੂੰ ਆਸਾਨੀ ਨਾਲ ਦਿੱਤਾ ਜਾਂਦਾ ਰਿਹਾ ਰਾਹ

ਡੇਰਾਬੱਸੀ/ਜ਼ੀਰਕਪੁਰ(ਹਰਜੀਤ ਸਿੰਘ):

ਪੰਜਾਬ ਬੰਦ ਦੇ ਸੱਦੇ ਦਾ ਅੱਜ ਸਬ ਡਿਵੀਜ਼ਨ ਦੇ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਪੂਰਨ ਸਮਰਥਨ ਦੇਖਣ ਨੂੰ ਮਿਲਿਆ। ਇਸ ਦੌਰਾਨ ਇਲਾਕੇ ਦੇ ਕਿਸਾਨਾਂ ਨੇ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਤੋਂ ਇਲਾਵਾ ਬਰਵਾਲਾ ਰੋਡ ਤੋਂ ਇਲਾਵਾ ਵੱਖ ਵੱਖ ਸੜਕਾਂ ’ਤੇ ਕਿਸਾਨਾਂ ਨੇ ਪੂਰੀ ਤਰ੍ਹਾਂ ਆਵਾਜਾਈ ਬੰਦ ਰੱਖੀ। ਸੜਕਾਂ ’ਤੇ ਬੈਠੇ ਕਿਸਾਨਾਂ ਵੱਲੋਂ ਮਰੀਜ਼ਾਂ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਆਸਾਨੀ ਨਾਲ ਰਾਹ ਦਿੱਤਾ ਜਾਂਦਾ ਰਿਹਾ। ਇਸ ਮੌਕੇ ਕਿਸਾਨਾਂ ਵੱਲੋਂ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਪਿੰਡ ਭਾਂਖਰਪੁਰ ਮੁੱਖ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗਾਂ ਨੂੰ ਛੇਤੀ ਪੂਰਾ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਕਿਸਾਨਾਂ ਵੱਲੋਂ ਸੜਕਾਂ ਬੰਦ ਰੱਖਣ ਕਾਰਨ ਲੋਕਾਂ ਵੱਲੋਂ ਪਿੰਡ ਦੇ ਅੰਦਰੂਨੀ ਰਾਹ ਦੀ ਵਰਤੋਂ ਕਰਕੇ ਆਪਣੀ ਮੰਜਿਲ’ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਪਰ ਵੱਖ ਵੱਖ ਪੁਆਇੰਟਾਂ ’ਤੇ ਧਰਨਾ ਹੋਣ ਕਾਰਨ ਲੋਕਾਂ ਦੀ ਕੋਸ਼ਿਸ਼ ਨਾਕਾਮ ਰਹੀ। ਧਰਨਾ ਖੁੱਲ੍ਹਣ ਤੱਕ ਲੋਕ ਇਲਾਕੇ ਦੀ ਵੱਖ ਵੱਖ ਸੜਕਾਂ ’ਤੇ ਖੱਜਲ੍ਹ ਹੁੰਦੇ ਰਹੇ।

ਮੀਡੀਆ ਕਰਮੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ

ਮੁਹਾਲੀ: 

ਸੀਪੀ-67 ਮਾਲ ਨੇੜੇ ਧਰਨੇ ਦੌਰਾਨ ਮੀਡੀਆ ਕਰਮੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁੱਝ ਹੁੱਲੜਬਾਜ਼ ਨਿੱਜੀ ਰੰਜ਼ਿਸ਼ ਦੇ ਚੱਲਦਿਆਂ ਪ੍ਰਦਰਸ਼ਨਕਾਰੀ ਨੌਜਵਾਨਾਂ ਦੇ ਇਕੱਠ ਦੀ ਆੜ ਵਿੱਚ ਪੱਤਰਕਾਰਾਂ ਸਣੇ ਲੋਕਾਂ ਦੇ ਗੱਲ ਪੈਣ ਤੱਕ ਜਾ ਰਹੇ ਸੀ। ਇਸ ਕਾਰਨ ਕਈ ਮੀਡੀਆ ਕਰਮੀਆਂ ਨੇ ਪਿੱਛੇ ਮੁੜ ਕੇ ਸਮਝਦਾਰੀ ਦਿਖਾਈ। ਸੂਚਨਾ ਮਿਲਣ ’ਤੇ ਡੀਐੱਸਪੀ ਹਰਸਿਮਰਨ ਸਿੰਘ ਬੱਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਬਾਅਦ ਵਿੱਚ ਹਾਲਾਤ ਸੁਖਾਵੇਂ ਹੋ ਗਏ। ਜਦੋਂ ਮੀਡੀਆ ਨਾਲ ਬਦਸਲੂਕੀ ਬਾਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਵੀ ਇਸ ਨੂੰ ਮੰਦਭਾਗਾ ਦੱਸਦਿਆਂ ਸਪੱਸ਼ਟ ਕੀਤਾ ਕਿ ਵਿਰੋਧ ਕਰਨ ਵਾਲੇ ਕਿਸਾਨ ਜਥੇਬੰਦੀ ਦੇ ਮੈਂਬਰ ਨਹੀਂ ਸਨ। ਇਸੇ ਦੌਰਾਨ ਇੱਕ ਜੀਪ ਵਿੱਚ ਸਵਾਰ ਕੁੱਝ ਵਿਅਕਤੀ ਸ਼ਹਿਰ ਵਿੱਚ ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣ ਦਾ ਮਾਮਲਾ ਵੀ ਸਾਹਮਣੇ ਆਇਆ। ਜੀਪ ’ਤੇ ਕਿਸਾਨੀ ਝੰਡੇ ਲੱਗੇ ਹੋਏ ਸਨ।

ਚੰਡੀਗੜ੍ਹ ਬੱਸ ਅੱਡੇ ’ਤੇ ਲੋਕ ਹੋਏ ਖੱਜਲ-ਖੁਆਰ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): 

‘ਪੰਜਾਬ ਬੰਦ’ ਦੇ ਸੱਦੇ ਦਾ ਅਸਰ ਚੰਡੀਗੜ੍ਹ ਵਿੱਚ ਵੀ ਦਿਖਾਈ ਦਿੱਤਾ। ਪੰਜਾਬ ਬੰਦ ਕਰਕੇ ਚੰਡੀਗੜ੍ਹ ਦੇ ਸੈਕਟਰ-43 ਸਥਿਤ ਬੱਸ ਅੱਡੇ ’ਤੇ ਲੋਕ ਖੱਜਲ-ਖੁਆਰ ਹੁੰਦੇ ਰਹੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਚੰਡੀਗੜ੍ਹ ਬੱਸ ਅੱਡੇ ’ਤੇ ਪਹੁੰਚ ਗਏ, ਪਰ ਪੰਜਾਬ ਦੇ ਰਸਤੇ ਹੋਣ ਵਾਲੀ ਆਵਾਜਾਈ ਬੰਦ ਹੋਣ ਕਰਕੇ ਵਧੇਰੇ ਬੱਸਾਂ ਨਹੀਂ ਚੱਲੀਆਂ। ਇਸ ਤੋਂ ਇਲਾਵਾ ਪੀਆਰਟੀਸੀ ਕਾਮਿਆਂ ਨੇ ਵੀ ਕਿਸਾਨਾਂ ਦੀ ਹਮਾਇਤ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸਾਂ ਨਾ ਚਲਾਉਣ ਦਾ ਐਲਾਨ ਕੀਤਾ ਸੀ। ਇਸ ਕਰਕੇ ਕਾਫ਼ੀ ਲੋਕ ਚੰਡੀਗੜ੍ਹ ਦੇ ਬੱਸ ਅੱਡੇ ’ਤੇ ਖੁਆਰ ਹੁੰਦੇ ਰਹੇ। ਇਸ ਦੌਰਾਨ ਜੋਧਪੁਰ ਤੋਂ ਆਏ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਮਨਾਲੀ ਜਾਣਾ ਹੈ, ਪਰ ਬੱਸਾਂ ਨਾ ਚੱਲਣ ਕਰਕੇ ਉਹ ਚੰਡੀਗੜ੍ਹ ਵਿੱਚ ਹੀ ਖੜ੍ਹੇ ਰਹੇ। ਕੰਮ ਲਈ ਸਵੇਰੇ ਜਲਦੀ ਆਉਣ ਵਾਲੇ ਲੋਕਾਂ ਨੂੰ ਵੀ ਸ਼ਾਮ ਤੱਕ ਇੱਥੇ ਬੱਸ ਅੱਡੇ ’ਤੇ ਬੱਸਾਂ ਦੀ ਉਡੀਕ ਕਰਨੀ ਪਈ।

Advertisement