ਕਿਸਾਨਾਂ ਵੱਲੋਂ ਜ਼ਿਮਨੀ ਚੋਣਾਂ ’ਚ ‘ਆਪ’ ਦੇ ਵਿਰੋਧ ਦਾ ਸੱਦਾ
ਪਰਸ਼ੋਤਮ ਬੱਲੀ
ਬਰਨਾਲਾ, 26 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਇੱਥੇ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਬਰਨਾਲਾ ਵਿੱਚ ਹੋਈ, ਜਿਸ ਵਿੱਚ 14 ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਹਿੱਸਾ ਲਿਆ। ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਜ਼ਿਮਨੀ ਚੋਣਾਂ ਵਿੱਚ ‘ਆਪ’ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ‘ਆਪ’ ਆਗੂ ਦੀ ਕਥਿਤ ਸ਼ਹਿ ’ਤੇ ਭੂ-ਮਾਫੀਆ ਹੜੱਪਣਾ ਚਾਹੁੰਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਸ ਧੱਕੇਸ਼ਾਹੀ ਖ਼ਿਲਾਫ਼ ਪਿਛਲੇ ਡੇਢ ਸਾਲ ਤੋਂ ਜਮਹੂਰੀ ਢੰਗ ਨਾਲ ਜਥੇਬੰਦਕ ਸੰਘਰਸ਼ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਦਾ ਜ਼ਿਲ੍ਹਾ ਪ੍ਰਸ਼ਾਸਨ ਹਰ ਵਾਰ ਆਪਣੇ ਵਾਅਦੇ ਪੂਰੇ ਕਰਨ ਤੋਂ ਮੁੱਕਰ ਜਾਂਦਾ ਹੈ। ਇਸ ਲਈ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਜ਼ਿਮਨੀ ਚੋਣਾਂ ਦੌਰਾਨ ਬਰਨਾਲਾ ਵਿੱਚ 3 ਨਵੰਬਰ ਨੂੰ ਅਤੇ ਗਿੱਦੜਬਾਹਾ ਵਿੱਚ 4 ਨਵੰਬਰ ਨੂੰ ਰੈਲੀਆਂ ਕਰਕੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਉਨ੍ਹਾਂ ਝੋਨੇ ਦੀ ਖਰੀਦ ਦੇ ਢਿੱਲੇ ਪ੍ਰਬੰਧਾਂ ਅਤੇ ਡੀਏਪੀ ਦੀ ਘਾਟ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀਬਾਘਾ ਅਤੇ ਔਰਤ ਵਿੰਗ ਦੀ ਕਨਵੀਨਰ ਬੀਬੀ ਅੰਮ੍ਰਿਤ ਪਾਲ ਕੌਰ ਤੋਂ ਇਲਾਵਾ ਹੋਰ ਹਾਜ਼ਰ ਸਨ।