ਐੱਮਐੱਸਪੀ ਲੈਣ ਲਈ ਕਿਸਾਨਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੁਲਾਈ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਅੱਜ ਮਾਨਸਾ ਦੇ ਜ਼ਿਲ੍ਹਾ ਮੰਡੀ ਅਫ਼ਸਰ ਦੇ ਦਫ਼ਤਰ ਅੱਗੇ ਪੰਜਾਬ ਦੇ ਮੁੱਖ ਮੰਤਰੀ ਤੇ ਖੇਤੀਬਾੜੀ ਮੰਤਰੀ ਦੀ ਅਰਥੀ ਫੂਕਦਿਆਂ ਸਰਕਾਰ ਵੱਲੋਂ ਕਿਸਾਨਾਂ ਨੂੰ ਸਾਰੀਆਂ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਅੈੱਮਅੈੱਸਪੀ) ਨਾ ਦੇਣ ਦਾ ਡਟਵਾਂ ਵਿਰੋਧ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸੂਰਜਮੁਖੀ, ਮੱਕੀ, ਮੂੰਗੀ ਜਿਹੀਆਂ ਫਸਲਾਂ ਦੀ ਆਮਦ ਵਾਲੇ ਥਾਈਂ ਅੈੱਮਅੈੱਸਪੀ ਦੀ ਮੰਗ ਦੇ ਅਧਿਕਾਰ ਨੂੰ ਲਾਗੂ ਕਰਵਾਉਣ ਲਈ ਵਾਰ-ਵਾਰ ਮੁੱਖ ਮੰਤਰੀ ਤੱਕ ਮੰਗ ਪੱਤਰ ਪਹੁੰਚਾਏ ਜਾਂਦੇ ਰਹੇ ਹਨ, ਪਰ ਪੰਜਾਬ ਸਰਕਾਰ ’ਤੇ ਇਸਦਾ ਕੋਈ ਅਸਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਸਰਕਾਰੀ ਨੁਮਾਇੰਦਿਆਂ ਤੱਕ ਮੀਟਿੰਗਾਂ ਰਾਹੀਂ ਇਹ ਮਸਲਾ ਧਿਆਨ ਵਿੱਚ ਲਿਆਂਦਾ ਜਾਂਦਾ ਰਿਹਾ ਹੈ, ਪਰ ਪੰਜਾਬ ਸਰਕਾਰ ਵੱਲੋਂ ਅੈੱਮਅੈੱਸਪੀ ਦੀ ਮੰਗ ’ਤੇ ਲਗਾਤਾਰ ਚੁੱਪ ਧਾਰੀ ਹੋਈ ਹੈ। ਕਿਸਾਨ ਆਗੂ ਰੁਲਦੂ ਸਿੰਘ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਸ ਨੇ ਕਿਸਾਨੀ ਮੰਗਾਂ ਸਬੰਧੀ ਸਰਕਾਰ ਨੇ ਜੋ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ, ਜੇਕਰ ਇਸ ਤੋਂ ਮੁੱਖ ਮੰਤਰੀ ਭਗਵੰਤ ਮਾਨ ਪਿੱਛੇ ਨਾ ਹਟੇ ਤਾਂ ਸਰਕਾਰ ਨਾਲ ਮੋਰਚੇ ਵੱਲੋਂ ਬਾਕਾਇਦਾ ਸਿੱਧੀ ਟੱਕਰ ਲਈ ਜਾਵੇਗੀ। ਇਸ ਮੌਕੇ ਗੁਰਜੰਟ ਸਿੰਘ ਮਾਨਸਾ, ਸੁਖਚਰਨ ਦਾਨੇਵਾਲੀਆ, ਪਰਮਜੀਤ ਸਿੰਘ ਗਾਗੋਵਾਲ, ਅਵਤਾਰ ਸਿੰਘ ਰੱਲਾ, ਰਾਜ ਸਿੰਘ ਅਕਲੀਆ, ਰਾਜਪਾਲ ਅਲੀਸੇਰ ਤੇ ਨਛੱਤਰ ਸਿੰਘ ਮੌਜੋ ਵੀ ਮੌਜੂਦ ਸਨ।