ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ
ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 6 ਜੁਲਾਈ
ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੂੰਗੀ ਅਤੇ ਮੱਕੀ ਦੀ ਸਰਕਾਰੀ ਖਰੀਦ ਨਾ ਕਰਨ ਵਿਰੁੱਧ ਮਾਰਕੀਟ ਕਮੇਟੀ ਦਫ਼ਤਰ ਗੜ੍ਹਸ਼ੰਕਰ ਅੱਗੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਸਿੰਘ ਢੇਸੀ ਅਤੇ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਸਰਕਾਰ ਵਲੋਂ ਮੂੰਗੀ ਲਈ 8558 ਰੁਪਏ ਅਤੇ ਮੱਕੀ ਲਈ 2090 ਰੁਪਏ ਸਰਕਾਰੀ ਰੇਟ ਤੈਅ ਕੀਤਾ ਗਿਆ ਪਰ ਵਪਾਰੀਆਂ ਵਲੋਂ ਬਹੁਤ ਹੀ ਘੱਟ ਭਾਅ ’ਤੇ ਫਸਲਾਂ ਦੀ ਖਰੀਦ ਕੀਤੀ ਜਾ ਰਹੀ ਹੈ ਤੇ ਸਰਕਾਰ ਇਸ ਮਸਲੇ ’ਤੇ ਚੁੱਪ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਅੱਜ ਦੇ ਪ੍ਰਦਰਸ਼ਨ ਵਿਚ ਕਿਸਾਨ ਆਗੂ ਰਾਮ ਜੀਤ ਸਿੰਘ ਦੇਣੋਵਾਲ, ਕੁਲਵੰਤ ਸਿੰਘ ਗੋਲੇਵਾਲ, ਸਮਸ਼ੇਰ ਸਿੰਘ ਚੱਕ ਸਿਘਾ, ਹਰਭਜਨ ਸਿੰਘ ਅਟਵਾਲ, ਸੁਭਾਸ਼ ਮੱਟੂ ਕਸ਼ਮੀਰ ਸਿੰਘ ਭੱਜਲ ਅਤੇ ਹੁਸਿਆਰ ਸਿੰਘ ਗੋਲਡੀ ਆਦਿ ਹਾਜ਼ਰ ਸਨ।
ਨਵਾਂਸ਼ਹਿਰ (ਲਾਜਵੰਤ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਕੰਪਲੈਕਸ ’ਚ ਕਿਸਾਨਾਂ ਨੇ ਮੱਕੀ ਅਤੇ ਮੂੰਗੀ ਦੀ ਐੱਮ.ਐੱਸ.ਪੀ ’ਤੇ ਖਰੀਦ ਕਰਨ ਦੀ ਮੰਗ ਕਰਦਿਅਾਂ ਧਰਨਾ ਦਿੱਤਾ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਕੁਲਦੀਪ ਸਿੰਘ ਬਜੀਦਪੁਰ, ਅਮਰਜੀਤ ਸਿੰਘ ਬੁਰਜ ਆਦਿ ਨੇ ਕਿਹਾ ਕਿ ਮੱਕੀ ਦੀ ਫ਼ਸਲ ਦੀ ਪੈਦਾਵਾਰ ਬੇਸ਼ੱਕ ਬੰਪਰ ਹੈ ਪਰ ਵਪਾਰੀ 900 ਰੁਪਏ ਤੋਂ ਲੈ ਕੇ 1200 ਰੁਪਏ ਤੱਕ ਭਾਅ ਲਾ ਰਹੇ ਹਨ, ਜਦੋਂਕਿ ਸਰਕਾਰ ਵੱਲੋਂ ਮਿਥਿਆ ਗਿਆ ਭਾਅ 2090 ਰੁਪਏ ਹੈ। ਇਹ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ।
ਤਰਨ ਤਾਰਨ (ਗੁਰਬਖਸ਼ਪੁਰੀ): ਜਮਹੂਰੀ ਕਿਸਾਨ ਸਭਾ ਵੱਲੋਂ ਅੱਜ ਇਥੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ| ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਦੀ ਅਗਵਾਈ ’ਚ ਕਿਸਾਨਾਂ ਨੇ ਮੱਕੀ, ਮੂੰਗੀ, ਮਾਂਹ ਆਦਿ ਫਸਲਾਂ ’ਤੇ ਐੱਮਐੱਸਪੀ ਨਾ ਦੇਣ ਦੀ ਨਿਖੇਧੀ ਕੀਤੀ।
ਕਿਸਾਨ ਜਥੇਬੰਦੀਆਂ ਵੱਲੋਂ ਮੰਡੀ ਦਫਤਰ ਅੱਗੇ ਪ੍ਰਦਰਸ਼ਨ
ਅੰਮ੍ਰਿਤਸਰ (ਟਨਸ): ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਭਗਤਾਂ ਵਾਲਾ ਦਾਣਾ ਮੰਡੀ ਕਮੇਟੀ ਦੇ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਪ੍ਰਧਾਨਗੀ ਡਾ. ਸਤਨਾਮ ਸਿੰਘ ਅਜਨਾਲਾ, ਬਲਵਿੰਦਰ ਸਿੰਘ ਦੁਧਾਲਾ ਆਦਿ ਨੇ ਕੀਤੀ। ਕਿਸਾਨ ਆਗੂਅਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਮੱਕੀ ਅਤੇ ਮੂੰਗੀ ਦੀ ਐੱਮਐੱਸਪੀ ਪੱਕੇ ਤੌਰ ’ਤੇ ਲਾਗੂ ਕਰੇ ਅਤੇ ਇਨ੍ਹਾਂ ਫਸਲਾਂ ਦੀ ਖਰੀਦ ਨੂੰ ਸਰਕਾਰਾਂ ਯਕੀਨੀ ਬਣਾਉਣ। ਬੁਲਾਰਿਆਂ ਨੇ ਬਾਸਮਤੀ ਦੀ ਕੀਮਤ ਪੰਜ ਹਜ਼ਾਰ ਰੁਪਏ ਐਲਾਨ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਅਤੇ ਅਧਿਆਪਕ ਵਰਗ ’ਤੇ ਕੀਤੇ ਗਏ ਲਾਠੀਚਾਰਜ ਦਾ ਸਖਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਲੋਕ ਪੰਜਾਬ ਦੀ ਸਰਕਾਰ ਤੇ ਮੋਦੀ ਸਰਕਾਰ ਤੋਂ ਦੁਖੀ ਹਨ, ਜੇਕਰ ਇਨ੍ਹਾਂ ਸਰਕਾਰਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਭਖਦੇ ਮਸਲੇ ਹੱਲ ਨਾ ਕੀਤੇ ਤਾਂ ਸਿੰਘੂ ਬਾਰਡਰ ਵਾਲਾ ਕਿਸਾਨ ਅੰਦੋਲਨ ਦੁਬਾਰਾ ਸ਼ੁਰੂ ਕਰਨਾ ਪਵੇਗਾ।