ਕਿਸਾਨਾਂ ਨੇ ਮੋਦੀ ਤੇ ਬ੍ਰਿਜਭੂਸ਼ਨ ਦੇ ਪੁਤਲੇ ਸਾੜੇ
ਸਰਬਜੀਤ ਸਿੰਘ ਭੱਟੀ
ਲਾਲੜੂ , 5 ਜੂਨ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪੁਤਲੇ ਸਾੜੇ ਅਤੇ ਚਿਤਾਵਨੀ ਦਿੱਤੀ ਕਿ ਜੇ ਪਹਿਲਵਾਨ ਕੁੜੀਆਂ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਬੀਕੇਯੂ ਉਗਰਾਹਾਂ ਬਲਾਕ ਡੇਰਾਬਸੀ ਵੱਲੋਂ ਲਾਲੜੂ ਮੰਡੀ ਦੇ ਮੁੱਖ ਬਾਜ਼ਾਰ ਵਿੱਚ ਬ੍ਰਿਜ ਭੂਸ਼ਨ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬ੍ਰਿਜ ਭੂਸ਼ਨ ਨੂੰ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਅਤੇ ਕੇਂਦਰ ਸਰਕਾਰ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ, ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ, ਪ੍ਰੈੱਸ ਸਕੱਤਰ ਧਰਵਿੰਦਰ ਸਿੰਘ ਜੋਲਾ, ਜਨਰਲ ਸਕੱਤਰ ਕਰਨੈਲ ਸਿੰਘ, ਮੀਤ ਪ੍ਰਧਾਨ ਗੁਰਭਜਨ ਸਿੰਘ ਸੈਣੀ , ਦਰਸ਼ਨ ਸਿੰਘ ਆਦਿ ਹਾਜ਼ਰ ਸਨ। ਇਸੇ ਦੌਰਾਨ ਬੀਕੇਯੂ ਲੱਖੋਵਾਲ ਨੇ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਦੱਪਰ ਵਿਖੇ ਬ੍ਰਿਜ ਭੂਸ਼ਨ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਕਰਮ ਸਿਘ ਬਰੋਲੀ , ਨਿੱਕਾ ਸਿੰਘ, ਜਗਤਾਰ ਸਿੰਘ ਝਰਮੜੀ, ਨਾਨੂੰ ਸਿੰਘ ਜਨੇਤਪੁਰ, ਗੁਰਪ੍ਰੀਤ ਸਿੰਘ ਜਾਸਤਨਾਂ, ਨਿਰਮੈਲ ਸਿੰਘ ਜੌਲਾ, ਜਿੰਦਰ ਸਿੰਘ, ਕੁਲਦੀਪ ਸਿੰਘ ਹਮਾਯੂੰਪੁਰ ਆਦਿ ਹਾਜ਼ਰ ਸਨ।
ਸਾਬਕਾ ਸੈਨਿਕ ਵੱਲੋਂ ਮੋਮਬੱਤੀ ਮਾਰਚ
ਬਨੂੜ (ਪੱਤਰ ਪ੍ਰੇਰਕ): ਸਾਬਕਾ ਸੈਨਿਕ ਜਥੇਬੰਦੀ ਨੇ ਪਹਿਲਵਾਨਾਂ ਦੇ ਹੱਕ ਵਿੱਚ ਅੱਜ ਬਨੂੜ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੱਢਿਆ। ਸਾਬਕਾ ਸੈਨਿਕ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਬਨੂੜ ਤੇ ਬਲਾਕ ਪ੍ਰਧਾਨ ਕੈਪਟਨ ਬੰਤ ਸਿੰਘ ਦੀ ਅਗਵਾਈ ਹੇਠ ਇਤਿਹਾਸਕ ਬੰਨੋ ਮਾਈ ਮੰਦਿਰ ਚੌਕ ਵਿੱਚ ਇਕੱਤਰ ਹੋਏ ਅਤੇ ਸਮੁੱਚੇ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੱਢਿਆ।