For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਖੇਤੀ ਨੀਤੀ ਖਰੜੇ ਦੀਆਂ ਕਾਪੀਆਂ ਫੂਕੀਆਂ

07:12 AM Jan 14, 2025 IST
ਕਿਸਾਨਾਂ ਨੇ ਖੇਤੀ ਨੀਤੀ ਖਰੜੇ ਦੀਆਂ ਕਾਪੀਆਂ ਫੂਕੀਆਂ
ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨ ਸਰਕਾਰੀ ਖੇਤੀ ਨੀਤੀ ਦਾ ਖਰੜਾ ਫੂਕਦੇ ਹੋਏ। -ਫੋਟੋ: ਵਿਸ਼ਾਲ ਕੁਮਾਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 13 ਜਨਵਰੀ
ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਕੇਂਦਰੀ ਖੇਤੀ ਮੰਡੀਕਰਨ ਨੀਤੀ ਵਿਰੁੱਧ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨਿੱਤਰ ਆਈਆਂ ਹਨ ਜਿਨ੍ਹਾਂ ਨੇ ਅੱਜ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਭਰ ਵਿੱਚ 100 ਤੋਂ ਵੱਧ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ ਅਤੇ ਨਵੀਂ ਕੇਂਦਰੀ ਖੇਤੀ ਮੰਡੀਕਰਨ ਨੀਤੀ ਖਰੜੇ ਦੀਆਂ ਕਾਪੀਆਂ ਸਾੜੀਆਂ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ), ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਜੁੜੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਨੌਜਵਾਨ, ਬਜ਼ੁਰਗ ਤੇ ਔਰਤਾਂ ਸ਼ਾਮਲ ਹੋਈਆਂ।
ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੇ ਤਹਿਸੀਲਾਂ ਵਿੱਚ ਹੋਏ ਰੋਜ਼ ਮੁਜ਼ਾਹਰਿਆਂ ਨੂੰ ਕਿਸਾਨ ਆਗੂ ਮੁਕੇਸ਼ ਚੰਦਰ, ਬੂਟਾ ਸਿੰਘ ਬੁਰਜਗਿੱਲ, ਡਾ. ਸਤਨਾਮ ਅਜਨਾਲਾ, ਰੁਲਦੂ ਸਿੰਘ ਮਾਨਸਾ, ਨਿਰਭੈ ਸਿੰਘ ਢੁੱਡੀਕੇ, ਜੰਗਵੀਰ ਚੌਹਾਨ, ਬਿੰਦਰ ਸਿੰਘ ਗੋਲੇਵਾਲ, ਭੋਗ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗੂ, ਹਰਜਿੰਦਰ ਸਿੰਘ ਢਾਂਡਾ, ਸੁਖਦੇਵ ਸਿੰਘ ਕੋਕਰੀਕਲਾਂ, ਅੰਗਰੇਜ਼ ਸਿੰਘ ਭਦੌੜ, ਰੂਪ ਬਸੰਤ ਸਿੰਘ, ਬਲਕਰਨ ਸਿੰਘ ਬਰਾੜ, ਹਰਦੇਵ ਸਿੰਘ ਸੰਧੂ ਆਦਿ ਨੇ ਕਿਹਾ ਕਿ ਜੇ ਇਹ ਖਰੜਾ ਲਾਗੂ ਹੁੰਦਾ ਹੈ ਤਾਂ ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਉਤਪਾਦਕਾਂ ਅਤੇ ਛੋਟੇ ਵਪਾਰੀਆਂ ਦੇ ਹਿੱਤਾਂ ਨੂੰ ਤਬਾਹ ਕਰ ਦੇਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਨਵੀਂ ਖੇਤੀ ਮੰਡੀਕਰਨ ਨੀਤੀ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਐੱਮਐੱਸਪੀ ਤੇ ਘੱਟੋ-ਘੱਟ ਉਜਰਤ ਨੂੰ ਯਕੀਨੀ ਬਣਾਉਣ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਦਾ ਮੁੱਖ ਪ੍ਰਸਤਾਵ ਮੌਜੂਦਾ ਖੇਤੀ ਮੰਡੀਕਰਨ ਪ੍ਰਣਾਲੀ ਦਾ ਬੁਨਿਆਦੀ ਢਾਂਚਾ ਬਦਲ ਕੇ ਇਕੋ ਕੌਮੀ ਮੰਡੀ ਸਥਾਪਤ ਕਰਨਾ ਹੈ।
ਇਸ ਦੇ ਲਾਗੂ ਹੋਣ ਨਾਲ ਦੇਸ਼ ਭਰ ਵਿੱਚ ਖੇਤੀ ਕਿੱਤੇ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ।

Advertisement

ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਕੱਢੀ ਭੜਾਸ

ਪਟਿਆਲਾ (ਸਰਬਜੀਤ ਸਿੰਘ ਭੰਗੂ):

Advertisement

ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਵੀ ਕੇਂਦਰ ਸਰਕਾਰ ਦੇ ਖੇਤੀ ਮੰਡੀ ਨੀਤੀ ਸਬੰਧੀ ਖਰੜੇ ਦੀਆਂ ਕਾਪੀਆਂ ਸਾੜ ਕੇ ਕੇਂਦਰ ਖਿਲਾਫ਼ ਪ੍ਰ੍ਰਦਰਸ਼ਨ ਕੀਤੇ ਗਏ। ਸ਼ੰਭੂ ਬਾਰਡਰ ਵਾਲ਼ੇ ਮੋਰਚੇ ’ਤੇ ਕਿਸਾਨਾਂ ਨੇ ਲੋਹੜੀ ਨੂੰ ਸਮਰਪਿਤ ਪਾਥੀਆਂ ਦੀ ਲਾਈ ਗਈ ਵੱਡੀ ਧੂਣੀ ’ਚ ਇਸ ਖਰੜੇ ਦੀਆਂ ਕਾਪੀਆਂ ਸਾੜੀਆਂ। ਕਿਸਾਨ ਯੂਨੀਅਨ ਭਟੇੜੀ ਦੇ ਆਗੂ ਬਲਕਾਰ ਸਿੰਘ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਗੁਰਅਮਨੀਤ ਮਾਂਗਟ, ਬਲਕਾਰ ਬੈਂਸ, ਸੁਖਵਿੰਦਰ ਸਭਰਾ, ਬਲਵੰਤ ਬਹਿਰਾਮਕੇ, ਰਣਜੀਤ ਰਾਜੂ, ਤੇਜਵੀਰ ਪੰਜੋਖਰਾ, ਜੰਗ ਸਿੰਘ ਭਟੇੜੀ, ਗੁਰਧਿਆਨ ਸਿਓਣਾ, ਗੁਰਦੇਵ ਗੱਦੋਮਾਜਰਾ ਨੇ ਸ਼ਿਰਕਤ ਕੀਤੀ। ਉਧਰ ਮਨਜੀਤ ਨਿਆਲ਼ ਅਤੇ ਦਿਲਬਾਗ ਹਰੀਗੜ੍ਹ ਦਾ ਕਹਿਣਾ ਸੀ ਕਿ ਇਸੇ ਤਰ੍ਹਾਂ ਹੀ ਢਾਬੀਗੁੱਜਰਾਂ ਬਾਰਡਰ ’ਤੇ ਵੀ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਭੜਾਸ ਕੱਢੀ।

ਦੇਸ਼ ਭਰ ਵਿੱਚ 26 ਨੂੰ ਹੋਣਗੇ ਟਰੈਕਟਰ ਮਾਰਚ਼

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਕੇਂਦਰੀ ਨਵੀਂ ਖੇਤੀ ਮੰਡੀਕਰਨ ਨੀਤੀ ਹਰ ਵਰਗ ਲਈ ਘਾਤਕ ਸਾਬਤ ਹੋਵੇਗੀ। ਇਸ ਲਈ ਕਿਸੇ ਵੀ ਕੀਮਤ ’ਤੇ ਇਸ ਨੀਤੀ ਖਰੜੇ ਨੂੰ ਦੇਸ਼ ਅੰਦਰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਪੂਰੇ ਭਾਰਤ ਵਿੱਚ ਏਕਤਾ ਦਿਵਸ ਵਜੋਂ ਪਿੰਡ-ਪਿੰਡ ਟਰੈਕਟਰ ਮਾਰਚ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਇਸ ਮੁਲਕ ਪੱਧਰ ਦੇ ਸੰਘਰਸ਼ ਵਿਚ ਪਰਿਵਾਰਾਂ ਸਮੇਤ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ’ਤੇ ਚਿੰਤਾ ਪ੍ਰਗਟਾਈ

ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਹੋਏ ਰੋਸ ਮੁਜ਼ਾਹਰਿਆਂ ਦੌਰਾਨ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਜਲਦ ਪ੍ਰਵਾਨ ਕਰੇ। ਉਨ੍ਹਾਂ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ।

Advertisement
Author Image

joginder kumar

View all posts

Advertisement