ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਵੱਲੋਂ ਤਿੰਨ ਘੰਟੇ ਸੜਕਾਂ ਜਾਮ

11:19 AM Oct 14, 2024 IST
ਬਨੂੜ ਬੈਰੀਅਰ ਉੱਤੇ ਸੜਕ ਵਿਚਾਲੇ ਲਗਾਏ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਕਰਮਜੀਤ ਸਿੰਘ ਚਿੱਲਾ
ਬਨੂੜ, 13 ਅਕਤੂਬਰ
ਪੰਜਾਬ ਵਿੱਚ ਝੋਨੇ ਦੀ ਖਰੀਦ ਨਾ ਹੋਣ ਦੇ ਰੋਸ ਵਜੋਂ ਸਯੁੰਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਬਨੂੜ ਬੈਰੀਅਰ ’ਤੇ ਕੌਮੀ ਮਾਰਗ ’ਤੇ ਜਾਮ ਲਾਇਆ। ਧਰਨੇ ਵਿੱਚ ਬਨੂੜ ਮੰਡੀ ਦੇ ਆੜ੍ਹਤੀਆਂ, ਮਜ਼ਦੂਰਾਂ ਤੇ ਸ਼ੈੱਲਰਾਂ ਵਾਲਿਆਂ ਨੇ ਵੀ ਸ਼ਿਰਕਤ ਕੀਤੀ। ਧਰਨਾਕਾਰੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਸਥਾਨਿਕ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਜਾਮ ਕਾਰਨ ਬਨੂੜ ਤੋਂ ਖਰੜ, ਰਾਜਪੁਰਾ, ਅੰਬਾਲਾ ਅਤੇ ਜ਼ੀਰਕਪੁਰ ਨੂੰ ਜਾਂਦੇ ਮਾਰਗਾਂ ਦੀ ਆਵਜਾਈ ਠੱਪ ਰਹੀ ਤੇ ਵੱਡੀ ਗਿਣਤੀ ਵਿਚ ਵਾਹਨ ਚਾਲਕ ਖੱਜਲ-ਖੁਆਰ ਹੁੰਦੇ ਰਹੇ।
ਧਰਨੇ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਗੁਰਦਰਸ਼ਨ ਖਾਸਪੁਰ, ਕਿਰਪਾਲ ਸਿੰਘ ਸਿਆਊ, ਪਰਮਦੀਪ ਸਿੰਘ ਬੈਦਵਾਣ, ਸਤਪਾਲ ਸਿੰਘ ਰਾਜੋਮਾਜਰਾ, ਜਗਜੀਤ ਸਿੰਘ ਕਰਾਲਾ, ਅੰਗਰੇਜ ਸਿੰਘ, ਤਰਲੋਚਨ ਸਿੰਘ ਨੰਡਿਆਲੀ, ਰਣਬੀਰ ਸਿੰਘ ਗਰੇਵਾਲ, ਆੜ੍ਹਤੀ ਪੁਨੀਤ ਜੈਨ, ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ, ਮੋਹਨ ਸਿੰਘ ਸੋਢੀ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇ ਝੋਨੇ ਦੀ ਨਿਰਵਿਘਨ ਖਰੀਦ ਨਾ ਹੋਈ ਤਾਂ ਕਿਸਾਨ ਵੱਡਾ ਐਕਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਇੱਥੇ ਪਿੰਡ ਬੂਥਗੜ੍ਹ ਤੋਂ ਤੋਗਾਂ ਹੋ ਕੇ ਚੰਡੀਗੜ੍ਹ ਜਾਣ ਵਾਲੀ ਅਤੇ ਉਮੈਕਸ ਤੋਂ ਹਵਾਈ ਅੱਡੇ ਜਾਣ ਵਾਲੀ ਮੁੱਖ ਸੜਕ ’ਤੇ ਕਿਸਾਨਾਂ ਨੇ ਜਾਮ ਲਗਾ ਕੇ ਸਰਕਾਰ ਖਿਲਾਫ ਸਖਤ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਇਸ ਮੌਕੇ ਉਮੈਕਸ ਕੰਪਨੀ ਵਿੱਚ ਰਹਿੰਦੇ ਕੁੱਝ ਲੋਕਾਂ ਅਤੇ ਸੜਕ ਉੱਤੇ ਆਉਣ-ਜਾਣ ਵਾਲੇ ਰਾਹਗੀਰਾਂ ਨਾਲ ਕਿਸਾਨਾਂ ਦੀ ਬਹਿਸ ਵੀ ਹੋਈ। ਪੁਲੀਸ ਵੱਲੋਂ ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਰੂਪਨਗਰ (ਜਗਮੋਹਨ ਸਿੰਘ): ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਦੇ ਨਾਕਸ ਪ੍ਰਬੰਧਾਂ ਵਿਰੁੱਧ ਕਿਸਾਨਾਂ ਤੇ ਆੜ੍ਹਤੀਆਂ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਰੂਪਨਗਰ ਬਾਈਪਾਸ ’ਤੇ ਦੁਪਹਿਰ 12 ਤੋਂ 3 ਵਜੇ ਤੱਕ ਮੁਕੰਮਲ ਚੱਕਾ ਜਾਮ ਕੀਤਾ। ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਫ਼ਸਲ ਦੀ ਖ਼ਰੀਦ ਸੁਚਾਰੂ ਤਰੀਕੇ ਨਾਲ ਨਾ ਕੀਤੀ ਤਾਂ ਸਰਕਾਰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਮੋਹਣ ਸਿੰਘ ਧਮਾਣਾ, ਵੀਰ ਸਿੰਘ ਬੜਵਾ, ਤਲਵਿੰਦਰ ਸਿੰਘ ਗੱਗੋ, ਕਾਮਰੇਡ ਸੁਰਜੀਤ ਸਿੰਘ ਢੇਰ, ਜਗਦੀਸ਼ ਲਾਲ, ਸਤਨਾਮ ਸਿੰਘ ਮਾਜਰੀ ਜੱਟਾਂ, ਮਾਸਟਰ ਦਲੀਪ ਸਿੰਘ ਘਨੌਲਾ, ਗੁਰਦੇਵ ਸਿੰਘ ਬਾਗ਼ੀ, ਜਗਮਨਦੀਪ ਸਿੰਘ ਪੜ੍ਹੀ, ਸੁਪਿੰਦਰ ਸਿੰਘ ਘਨੌਲੀ, ਰਜਿੰਦਰ ਸਿੰਘ ਅਲੀਪੁਰ, ਧਰਮ ਪਾਲ ਸੈਣੀ ਮਾਜਰਾ ਆਦਿ ਆਗੂ ਹਾਜ਼ਰ ਸਨ।
ਜ਼ੀਰਕਪੁਰ (ਹਰਜੀਤ ਸਿੰਘ): ਭਾਰਤੀ ਕਿਸਾਨ ਯੂਨੀਅਨ ਪੁਆਧ ਦੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਐਤਵਾਰ ਨੂੰ ਜ਼ੀਰਕਪੁਰ ਦੇ ਬੱਸ ਸਟੈਂਡ ਨੇੜੇ ਤਿੰਨ ਘੰਟਿਆਂ ਲਈ ਸੜਕ ’ਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਐਮਰਜੈਂਸੀ ਵਾਹਨਾਂ, ਐਂਬੂਲੈਂਸ ਅਤੇ ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਰਾਹ ਦਿੱਤਾ ਗਿਆ। ਕਿਸਾਨਾਂ ਨੇ ਸੜਕ ਨੂੰ ਦੋਵੇਂ ਪਾਸੇ ਤੋਂ ਬੰਦ ਕਰ ਦਿੱਤਾ ਹੈ। ਇਸ ਕਾਰਨ ਚੰਡੀਗੜ੍ਹ, ਪੰਚਕੂਲਾ, ਸ਼ਿਮਲਾ ਸਣੇ ਪਟਿਆਲਾ, ਅੰਬਾਲਾ, ਦਿੱਲੀ ਅਤੇ ਹੋਰ ਥਾਵਾਂ ’ਤੇ ਜਾਣ ਵਾਲੇ ਰਸਤੇ ਬੰਦ ਹੋ ਗਏ। ਨੈਸ਼ਨਲ ਹਾਈਵੇਅ ਬੰਦ ਹੋਣ ਕਾਰਨ ਪੂਰੀ ਸੜਕ ’ਤੇ ਲੰਮਾ ਟਰੈਫਿਕ ਜਾਮ ਲੱਗ ਗਿਆ ਹੈ। ਇਸ ਵਿੱਚ ਫਸੇ ਲੋਕਾਂ ਨੂੰ ਵੀ ਖੱਜਲ ਖੁਆਰ ਹੋਣਾ ਪਿਆ।

Advertisement

ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਬਲਾਕ ਮਾਜਰੀ ਵਿੱਚ ਲਗਾਏ ਜਾਮ ਵਿੱਚ ਸ਼ਾਮਲ ਰਣਜੀਤ ਸਿੰਘ ਗਿੱਲ ਤੇ ਹੋਰ ਆਗੂ।

ਕੁਰਾਲੀ (ਮਿਹਰ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਬਲਾਕ ਮਾਜਰੀ ਵਿੱਚ ਚੱਕਾ ਜਾਮ ਕੀਤਾ ਗਿਆ। ਕਿਸਾਨਾਂ, ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਵੱਲੋਂ ਲਗਾਏ ਇਸ ਜਾਮ ਦੌਰਾਨ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਪ੍ਰਦਰਸ਼ਨ ਵਿੱਚ ਅਕਾਲੀ ਆਗੂ ਤੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਰਵਿੰਦਰ ਸਿੰਘ ਖੇੜਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਮੇਸ਼ ਸਿੰਘ ਬੜੌਦੀ ਤੋਂ ਇਲਾਵਾ ਲੋਕ ਹਿੱਤ ਮਿਸ਼ਨ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਝੋਨੇ ਦੀ ਖ਼ਰੀਦ ਕਰਨ ਵਿੱਚ ਨਾਕਾਮ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ, ਰਾਮ ਸਰੂਪ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਟੂ, ਸੱਜਣ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਇਸੇ ਤਰ੍ਹਾਂ ਬੀਕੇਯੂ ਕਾਦੀਆਂ ਵੱਲੋਂ ਸ਼ਹਿਰ ਦੀ ਹੱਦ ਅੰਦਰ ਪਡਿਆਲਾ ਬਾਈਪਾਸ ’ਤੇ ਧਰਨਾ ਲਗਾ ਕੇ ਕੌਮੀ ਮਾਰਗ ਜਾਮ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਰੇਸ਼ਮ ਸਿੰਘ ਬਡਾਲੀ, ਦੀਪ ਸਿੰਘ ਸਿੰਘਪੁਰਾ, ਸੁਖਦੀਪ ਸਿੰਘ, ਮਨਜੀਤ ਸਿੰਘ ਸਿੰਘਪੁਰਾ ਤੇ ਹੋਰਨਾਂ ਨੇ ਸਰਕਾਰ ਦੀ ਨਿਖੇਧੀ ਕੀਤੀ।

ਬੀਕੇਯੂ (ਏਕਤਾ) ਉਗਰਾਹਾਂ ਦੇ ਕਾਰਕੁਨਾਂ ਨੇ ਰੇਲਾਂ ਰੋਕੀਆਂ

ਲਾਲੜੂ (ਸਰਬਜੀਤ ਸਿੰਘ ਭੱਟੀ): ਪੰਜਾਬ ਵਿੱਚ ਝੋਨੇ ਦੀ ਖ਼ਰੀਦ ਤੇ ਚੁਕਾਈ ਨਾ ਹੋਣ ਕਾਰਨ ਅੱਜ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਰੇਲਾਂ ਰੋਕੀਆਂ ਗਈਆਂ। ਬਲਾਕ ਡੇਰਾਬਸੀ ਦੀ ਇਕਾਈ ਵੱਲੋਂ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਲਾਲੜੂ ਮੰਡੀ ਵਿੱਚ ਰੇਲਵੇ ਸਟੇਸ਼ਨ ’ਤੇ ਰੇਲਾਂ ਰੋਕੀਆਂ ਗਈਆਂ। ਜਥੇਬੰਦੀ ਵੱਲੋਂ ਰੇਲਾਂ ਰੋਕੀਆਂ ਗਈਆਂ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਅਜੇ ਵੀ ਸਰਕਾਰੀ ਖ਼ਰੀਦ ਸੁਚਾਰੂ ਢੰਗ ਨਾਲ ਸ਼ੁਰੂ ਨਾ ਕੀਤੀ ਤਾਂ ਜਥੇਬੰਦੀ ਵੱਲੋਂ ਆਪਣੇ ਆਗੂਆਂ ਨਾਲ ਵਿਚਾਰ ਕਰ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਇਸ ਮੌਕੇ ਕਰਨੈਲ ਸਿੰਘ, ਬਲਦੇਵ ਸਿੰਘ ਰੁੜਕੀ, ਜਸਵੰਤ ਸਿੰਘ ਕੁਰਲੀ, ਜਗਦੀਸ਼ ਸਿੰਘ ਹਸਨਪੁਰ, ਧਰਵਿੰਦਰ ਸਿੰਘ ਜੌਲਾ, ਪਲਵਿੰਦਰ ਸਿੰਘ ਹਮਾਯੂੰਪੁਰ, ਨਾਜ਼ਰ ਸਿੰਘ, ਸ਼ੀਸ਼ ਰਾਮ ਨੰਬਰਦਾਰ, ਗੁਰਸੇਵਕ ਸਿੰਘ, ਦਰਸ਼ਨ ਸਿੰਘ, ਸੰਜੀਵ ਕੁਮਾਰ, ਕਰਨੈਲ ਸਿੰਘ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ।

Advertisement

Advertisement