ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੇ ਸੜਕੀ ਆਵਾਜਾਈ ਅਤੇ ਰੇਲ ਮਾਰਗ ਜਾਮ ਕੀਤੇ

08:35 AM Nov 24, 2023 IST
ਜਲੰਧਰ ਨੇੜੇ ਧਨੋਵਾਲੀ ਵਿੱਚ ਰੇਲਵੇ ਲਾਈਨ ’ਤੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਸਰਬਜੀਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 23 ਨਵੰਬਰ
ਇੱਥੇ ਅੱਜ ਦਿੱਲੀ-ਜੰਮੂ ਨੈਸ਼ਨਲ ਸੜਕ ਹਾਈਵੇਅ ਜਾਮ ਕਰਨ ਮਗਰੋਂ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਰੇਲ ਮਾਰਗ ਵੀ ਜਾਮ ਕਰ ਦਿੱਤਾ ਹੈ। ਕਿਸਾਨ ਗੰਨੇ ਦਾ ਭਾਅ ਵਧਾਏ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਅੱਜ ਪੀਏਪੀ ਚੌਕ ਤੋਂ ਕੁਝ ਦੂਰੀ ’ਤੇ ਧਨੋਵਾਲੀ ਫਾਟਕ ਨੇੜੇ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ। ਕਿਸਾਨਾਂ ਵੱਲੋਂ ਰੇਲਵੇ ਟਰੈਕ ਬੰਦ ਕਰਨ ਮਗਰੋਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸ਼ਤਾਬਦੀ ਐਕਸਪ੍ਰੈੱਸ ਨੂੰ ਫਗਵਾੜਾ ਵਿੱਚ ਰੋਕ ਦਿੱਤਾ। ਕਿਸਾਨਾਂ ਦਾ ਪ੍ਰਦਰਸ਼ਨ ਜਲੰਧਰ ਕੈਂਟ ਸਟੇਸ਼ਨ ਨੇੜੇ ਹੋਣ ਕਾਰਨ ਅਮਰਪਾਲੀ ਐਕਸਪ੍ਰੈੱਸ ਨੂੰ ਜਲੰਧਰ ਸਿਟੀ ਸਟੇਸ਼ਨ ’ਤੇ ਰੋਕ ਦਿੱਤਾ ਗਿਆ, ਮਗਰੋਂ ਰੇਲ ਨੂੰ ਲੋਹੀਆਂ ਖਾਸ ਰੂਟ ਤੋਂ ਮੋੜ ਦਿੱਤਾ ਗਿਆ। ਰੇਲਵੇ ਵਿਭਾਗ ਮੁਤਾਬਕ ਇਸ ਟਰੈਕ ’ਤੇ ਹਰ 24 ਘੰਟਿਆਂ ਵਿੱਚ 120 ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੇ ਆਸਾਰ ਹਨ। ਇਸੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ। ਜਲੰਧਰ ਅਤੇ ਜਲੰਧਰ ਕੈਂਟ ਰੇਲਵੇ ਸਟੇਸ਼ਨਾਂ ਵਾਲੇ ਯਾਤਰੀਆਂ ਨੂੰ ਹੁਣ ਫਗਵਾੜਾ ਜਾਂ ਲੁਧਿਆਣਾ ਰੇਲਵੇ ਸਟੇਸ਼ਨਾਂ ’ਤੇ ਜਾਣਾ ਪਵੇਗਾ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸਰਵਿਸ ਲੇਨ ਤੋਂ ਆਵਾਜਾਈ ਖੋਲ੍ਹ ਦਿੱਤੀ ਸੀ ਪਰ ਕਰੀਬ 11.30 ਵਜੇ ਆਵਾਜਾਈ ਮੁੜ ਰੋਕ ਦਿੱਤੀ ਗਈ। ਅੱਜ ਫਿਰ ਕਿਸਾਨਾਂ ਨੇ ਜਲੰਧਰ ਦੇ ਰਾਮਾਮੰਡੀ ਤੋਂ ਧਰਨੇ ਵਾਲੀ ਥਾਂ ਤੱਕ ਕਰੀਬ 5 ਥਾਵਾਂ ’ਤੇ ਬੈਰੀਕੇਡ ਲਗਾ ਕੇ ਆਵਾਜਾਈ ਰੋਕੀ। ਕਿਸਾਨਾਂ ਦੇ ਧਰਨਿਆਂ ਕਾਰਨ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਨਾਲ ਆਰਪੀਐੱਫ ਅਧਿਕਾਰੀਆਂ ਅਤੇ ਕਮਾਂਡੋਜ਼ ਨੂੰ ਪ੍ਰਦਰਸ਼ਨ ਵਾਲੀ ਥਾਂ ’ਤੇ ਤਾਇਨਾਤ ਕੀਤਾ ਗਿਆ।

Advertisement

ਰੇਲਵੇ ਵਿਭਾਗ ਨੇ 54 ਰੇਲਾਂ ਰੱਦ ਕੀਤੀਆਂ; 69 ਦੇ ਰੂਟ ਬਦਲੇ

ਕਿਸਾਨਾਂ ਵੱਲੋਂ ਵੀਰਵਾਰ ਸਵੇਰੇ ਰੇਲਵੇ ਟਰੈਕ ਜਾਮ ਕਰਨ ਤੋਂ ਪਹਿਲਾਂ 40 ਰੇਲਾਂ ਰਵਾਨਾ ਹੋ ਚੁੱਕੀਆਂ ਸਨ। ਕਿਸਾਨਾਂ ਦੇ ਧਰਨੇ ਮਗਰੋਂ ਰੇਲਵੇ ਵਿਭਾਗ ਵੱਲੋਂ 69 ਰੇਲਾਂ ਦੇ ਰੂਟ ਤਬਦੀਲ ਕੀਤੇ ਗਏ ਅਤੇ 54 ਰੇਲਾਂ ਨੂੰ ਰੱਦ ਕੀਤਾ ਗਿਆ ਹੈ। ਵਿਭਾਗ ਵੱਲੋਂ 54 ਰੇਲਾਂ ਵਿੱਚੋਂ 31 ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ। ਕੁੱਝ ਰੇਲ ਗੱਡੀਆਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੱਲਣਗੀਆਂ। ਇਸ ਦੇ ਨਾਲ ਹੀ ਜਲੰਧਰ ਸਿਟੀ ਸਟੇਸ਼ਨ ਅਤੇ ਬਿਆਸ ਜੰਕਸ਼ਨ ਤੋਂ ਚੱਲਣ ਵਾਲੀਆਂ ਰੇਲਾਂ ਦੇ ਰੂਟਾਂ ਨੂੰ ਬਦਲ ਦਿੱਤਾ ਗਿਆ ਹੈ। ਲੁਧਿਆਣਾ, ਅੰਬਾਲਾ, ਪਾਣੀਪਤ, ਦਿੱਲੀ ਤੋਂ ਹੁੰਦੇ ਹੋਏ ਦੂਜੇ ਰਾਜਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਹੁਣ ਨਕੋਦਰ, ਲੋਹੀਆਂ ਖਾਸ ਤੋਂ ਫਗਵਾੜਾ ਹੋ ਕੇ ਰਵਾਨਾ ਹੋਣਗੀਆਂ।

ਸ਼ਤਾਬਦੀ ਤੇ ਕਠਿਹਾਰ ਐਕਸਪ੍ਰੈੱਸ ਨੂੰ ਫਗਵਾੜਾ ਵਿੱਚ ਰੋਕਿਆ

ਫਗਵਾੜਾ (ਜਸਵੀਰ ਸਿੰਘ ਚਾਨਾ): ਕਿਸਾਨਾਂ ਵੱਲੋਂ ਰੇਲਵੇ ਟਰੈਕ ਰੋਕੇ ਜਾਣ ਤੋਂ ਬਾਅਦ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਅਤੇ ਕਠਿਹਾਰ ਐਕਸਪ੍ਰੈੱਸ ਨੂੰ ਫਗਵਾੜਾ ਵਿਚ ਹੀ ਰੋਕ ਦਿੱਤਾ ਗਿਆ। ਦਿੱਲੀ ਤੋਂ ਆਈ ਸ਼ਤਾਬਦੀ ਐਕਸਪ੍ਰੈੱਸ ਕਰੀਬ 12 ਵਜੇ ਫਗਵਾੜਾ ਪੁੱਜੀ ਪਰ ਉਹ ਇਸ ਤੋਂ ਅੱਗੇ ਨਹੀਂ ਗਈ। ਰੇਲਵੇ ਸਟੇਸ਼ਨ ’ਤੇ ਖੜ੍ਹੇ ਯਾਤਰੀਆਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਇਸ ਦਾ ਹੱਲ ਤੁਰੰਤ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਨਾ ਸਹਿਣੀ ਪਵੇ। ਰੇਲਵੇ ਚੌਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਬਾਅਦ ਵਿੱਚ ਦੋਵਾਂ ਰੇਲਾਂ ਨੂੰ ਲੁਧਿਆਣਾ ਵਾਪਸ ਰਵਾਨਾ ਕਰ ਦਿੱਤਾ ਗਿਆ।

Advertisement

Advertisement