ਕਿਸਾਨਾਂ ਨੇ ਕੇਂਦਰ ਦੇ ਪੁਤਲੇ ਫੂਕੇ
ਪੱਤਰ ਪ੍ਰੇਰਕ
ਜ਼ੀਰਾ, 1 ਅਗਸਤ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਦੇ ਸਾਂਝੇ ਸੱਦੇ ਤਹਿਤ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਮੁੱਖ ਚੌਕ ਜ਼ੀਰਾ ਵਿਖੇ ਹਰਿਆਣਾ ਦੀ ਸਰਕਾਰ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਫੇਰੋਕੇ ਨੇ ਕਿਹਾ ਕਿ ਬੀਤੀ 13 ਫ਼ਰਵਰੀ ਤੋਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਸ਼ਾਂਤਮਈ ਤਰੀਕੇ ਨਾਲ ਦਿੱਲੀ ਕੂਚ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਦੀ ਭਾਜਪਾ ਹਕੂਮਤ ਤੇ ਮੋਦੀ ਹਕੂਮਤ ਵੱਲੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਪਰ ਕਿਸਾਨਾਂ ’ਤੇ ਜਬਰ ਜ਼ੁਲਮ ਢਾਹੁਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਸਵਤੰਤਰਤਾ ਦਿਵਸ ਮੌਕੇ ਮੈਡਲਾਂ ਨਾਲ ਸਨਮਾਨਿਤ ਕਰਨ ਅਤੇ ਉਨ੍ਹਾਂ ਲਈ ਰਾਸ਼ਟਰਪਤੀ ਐਵਾਰਡ ਦੀ ਸ਼ਿਫਾਰਸ਼ ਕਰਨ ਦੇ ਵਿਰੋਧ ਵਜੋਂ ਅੱਜ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਕਿਸਾਨਾਂ ਪ੍ਰਤੀ ਕਿੰਨੀ ਜ਼ਾਲਮ ਹੈ, ਉਸਦਾ ਇਹ ਪ੍ਰਤੱਖ ਸਬੂਤ ਹੈ ਕਿ ਖਨੌਰੀ ਬਾਰਡਰ ਤੇ ਸ਼ਹੀਦ ਸ਼ੁਭਕਰਨ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਤੇ ਸ਼ੰਭੂ ਬਾਰਡਰ ਉੱਪਰ ਕਿਸ ਪ੍ਰਕਾਰ ਡਰੋਨ ਦੀ ਮਦਦ ਨਾਲ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਦਾਗ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਉੱਪਰ ਜ਼ੁਲਮ ਢਾਉਣ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੀ ਬਜਾਏ ਗ੍ਰਿਫ਼ਤਾਰ ਕੀਤਾ ਜਾਵੇ ਤੇ ਕਿਸਾਨਾਂ ਦੀ ਰਹਿੰਦੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਗੁਰਭਗ ਸਿੰਘ ਮਰੂੜ, ਬਲਜੀਤ ਕੌਰ ਮੱਖੂ, ਅਮਰਜੀਤ ਕੌਰ ਤੱਖਰ, ਸੁੱਖਵਿੰਦਰ ਸਿੰਘ ਅਲੀਪੁਰ, ਸੁਖਪਾਲ ਸਿੰਘ, ਚਰਨਜੀਤ ਸਿੰਘ ਬੱਲ, ਸ਼ਿੰਦਰ ਸਿੰਘ ਤੇ ਹੋਰ ਹਾਜ਼ਰ ਸਨ।