ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ
ਜਗਮੋਹਨ ਸਿੰਘ
ਘਨੌਲੀ, 10 ਨਵੰਬਰ
ਇੱਥੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਅਨਾਜ ਮੰਡੀ ਘਨੌਲੀ ਵਿੱਚ ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਖੱਜਲ-ਖੁਆਰੀ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਕਾਮਰੇਡ ਦਲੀਪ ਸਿੰਘ ਘਨੌਲਾ, ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾ, ਨੰਬਰਦਾਰ ਸੌਦਾਗਰ ਸਿੰਘ ਮਕੌੜੀ ਕਲਾਂ, ਕਾਮਰੇਡ ਭਗਤ ਸਿੰਘ ਬਿੱਕੋਂ, ਕਾਮਰੇਡ ਸਪਿੰਦਰ ਸਿੰਘ ਘਨੌਲੀ, ਰਜਿੰਦਰ ਸਿੰਘ ਅਲੀਪੁਰ, ਸੀਤਾ ਰਾਮ ਚੱਕ ਕਰਮਾ, ਹਰਦੇਵ ਸਿੰਘ ਜੇਈ ਥਲੀ ਆਦਿ ਨੇ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਜੇ ਡੀਏਪੀ ਨਾ ਮਿਲੀ ਤੇ ਖ਼ਰੀਦ ਸਹੀ ਨਾ ਹੋਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਨੂਰਪੁਰ ਬੇਦੀ (ਬਲਵਿੰਦਰ ਰੈਤ): ਇਲਾਕੇ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਥੱਲੇ ਅਬਿਆਣਾ, ਤਖਤਗੜ੍ਹ, ਨੂਰਪੁਰ ਬੇਦੀ, ਸੁੱਖੇ ਮਾਜਰਾ, ਹਿਆਤਪੁਰ ਤੇ ਡੂਮੇਵਾਲ ਮੰਡੀਆਂ ਵਿੱਚ ਕੇਂਦਰ ਦੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ। ਐੱਸਡੀਐੱਮ ਆਨੰਦਪੁਰ ਸਾਹਿਬ ਜਸਪ੍ਰੀਤ ਸਿੰਘ ਨੇ ਡੀਸੀ ਰੂਪਨਗਰ ਨਾਲ ਗੱਲਬਾਤ ਕੀਤੀ ਤੇ ਵਿਸ਼ਵਾਸ ਦਿਵਾਇਆ ਕਿ ਤਿੰਨ ਦਿਨਾਂ ’ਚ ਸਮੱਸਿਆ ਹੱਲ ਹੋ ਜਾਵੇਗੀ।