ਝੋਨੇ ਦੇ ਮਾੜੇ ਖਰੀਦ ਪ੍ਰਬੰਧਾਂ ਖ਼ਿਲਾਫ਼ ਕਿਸਾਨਾਂ ਨੇ ਡੀਸੀ ਦਫ਼ਤਰ ਘੇਰਿਆ
ਪਰਸ਼ੋਤਮ ਬੱਲੀ
ਬਰਨਾਲਾ, 11 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੂਬਾ ਪੱਧਰੀ ਸੱਦੇ ’ਤੇ ਝੋਨੇ ਦੀ ਮਾੜੀ ਖਰੀਦ, ਡੀਏਪੀ ਦੀ ਘਾਟ ਤੇ ਪਰਾਲੀ ਸਾੜਨ ਕਾਰਨ ਕਿਸਾਨਾਂ ਖ਼ਿਲਾਫ਼ ਦਰਜ ਪਰਚਿਆਂ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਬਰਨਾਲਾ ਦਾ ਘਿਰਾਓ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਧਰਨੇ ਵਿੱਚ ਜ਼ਿਲ੍ਹਾ ਬਰਨਾਲਾ, ਮਾਨਸਾ, ਮਾਲੇਰਕੋਟਲਾ ਤੇ ਸੰਗਰੂਰ ਦੇ ਕਿਸਾਨ-ਮਜ਼ਦੂਰ ਸ਼ਾਮਲ ਹੋਏ ਤੇ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਝੋਨੇ ਦੀ ਖਰੀਦ ਤੋਂ ਭੱਜਣ ਦੀ ਨੀਤੀ ਅਪਣਾ ਕੇ ਪਹਿਲਾਂ ਕਿਸਾਨੀ ਅੰਦੋਲਨ ਦੇ ਦਬਾਅ ਹੇਠ ਰੱਦ ਕੀਤੇ ਖੇਤੀ ਕਾਨੂੰਨਾਂ ਨੂੰ ਬਦਲਵੇਂ ਢੰਗਾਂ ਰਾਹੀਂ ਲਾਗੂ ਕਰਨਾ ਚਾਹੁੰਦੀ ਹੈ। ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨ ਘੜੇ ਤੇ ਲਾਗੂ ਕਰਕੇ ਦੇਸ਼ ਦੀ ਕਿਰਤੀ ਆਬਾਦੀ ਨੂੰ ਨੁੱਕਰੇ ਲਾ ਕੇ ਨਪੀੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਚੋਣਾਂ ਦਾ ਰੌਲਾ ਪਾਇਆ ਜਾ ਰਿਹਾ ਹੈ। ਦੁੂਸਰੇ ਪਾਸੇ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ। ਡੀਏਪੀ ਦੀ ਘਾਟ ਕਾਰਨ ਬਿਜਾਈ ਵਿੱਚ ਦੇਰੀ ਹੋ ਰਹੀ ਹੈ ਜੋ ਕਿ ਨਾ ਬਰਦਾਸ਼ਤਯੋਗ ਹੈ।
ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਐਲਾਨ ਕੀਤਾ ਕਿ 14 ਤੋਂ 19 ਨਵੰਬਰ ਤੱਕ ਬਰਨਾਲਾ ਅਤੇ ਗਿੱਦੜਬਾਹਾ ਚੋਣ ਹਲਕਿਆਂ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਪਿੰਡ ਪਿੰਡ ਮਾਰਚ ਕੀਤੇ ਜਾਣਗੇ। ਕਿਸਾਨ ਵਿਰੋਧੀ ਵੋਟ ਪਾਰਟੀਆਂ ਦੀ ਨੀਤੀਆਂ ਨੰਗੀਆਂ ਕੀਤੀਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਦੱਸਿਆ ਕਿ 14 ਤੋਂ 19 ਨਵੰਬਰ ਤੱਕ ਡੀ ਮਾਰਟ ਬਰਨਾਲਾ ਅੱਗੇ ਮਾਨਸਾ, ਬਰਨਾਲਾ, ਮਾਲੇਰਕੋਟਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਮੋਰਚਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਡੀਸੀ ਬਰਨਾਲਾ ਪੂਨਮਦੀਪ ਕੌਰ ਤੇ ਜਥੇਬੰਦੀ ਦੇ ਵਫ਼ਦ ਦਰਮਿਆਨ ਹੋਈ ਮੀਟਿੰਗ ਦੌਰਾਨ ਮਸਲਿਆਂ ਦੇ ਹੱਲ ਦੇ ਭਰੋਸੇ ਉਪਰੰਤ ਦੇਰ ਸ਼ਾਮ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾ ਝਾੜ, ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਬੁੱਕਣ ਸਿੰਘ ਸੱਦੋਵਾਲ, ਦਰਸ਼ਨ ਸਿੰਘ ਭੈਣੀ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਮਾਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜੋਗਿੰਦਰ ਸਿੰਘ ਦਿਆਲਪੁਰਾ, ਔਰਤ ਵਿੰਗ ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ, ਬਿੰਦਰ ਪਾਲ ਕੌਰ ਭਦੌੜ, ਸੰਦੀਪ ਕੌਰ ਪੱਤੀ, ਗੁਰਮੀਤ ਕੌਰ ਤੇ ਸਰਬਜੀਤ ਕੌਰ ਆਦਿ ਆਗੂ ਵੀ ਹਾਜ਼ਰ ਸਨ।