ਕਿਸਾਨਾਂ ਵੱਲੋਂ ਲੌਂਗੋਵਾਲ ਦੀ ਰਿਹਾਇਸ਼ ਦਾ ਘਿਰਾਓ
ਜਗਤਾਰ ਸਿੰਘ ਨਹਿਲ
ਲੌਂਗੋਵਾਲ, 27 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਸਣੇ 13 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਦੇ ਵਿਰੋਧ ’ਚ ਅੱਜ ਲੌਂਗੋਵਾਲ ’ਚ ਜਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਟਰੈਕਟਰ ਮਾਰਚ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਭਾਈ ਲੌਂਗੋਵਾਲ ਦੀ ਰਿਹਾਇਸ਼ ਦੇ ਘਿਰਾਓ ਤੋਂ ਪਹਿਲਾ ਅਨਾਜ ਮੰਡੀ ਲੌਂਗੋਵਾਲ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਕੜਕਦੀ ਗਰਮੀ ’ਚ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੇ ਕਿਹਾ ਕਿ ਕਿਸਾਨਾਂ ਦੀ ਆਰਥਕਿਤਾ ਨੂੰ ਢਾਅ ਲਾਉਣ ਵਾਲੇ ਤਿੰਨੇ ਆਰਡੀਨੈਂਸਾਂ ਦੇ ਲਾਗੂ ਹੋ ਜਾਣ ਨਾਲ ਦੇਸ਼ ਦੀ 70 ਫ਼ੀਸਦੀ ਜਨਤਾ ਬੇਰੁਜ਼ਗਾਰ ਹੋ ਜਾਵੇਗੀ। ਮੌਕੇ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਖੇਤੀ ਦੇ ਕਾਰੋਬਾਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਕਿਸਾਨ ਜਥੇਬੰਦੀਆਂ ਇਨ੍ਹਾਂ ਮਨਸੂਬਿਆਂ ਨੂੰ ਕਿਸੇ ਵੀ ਹੀਲੇ ਪੂਰਾ ਨਹੀਂ ਹੋਣ ਦੇਣਗੀਆਂ। ਇਸ ਮੌਕੇ ਰਣਜੀਤ ਸਿੰਘ ਲੌਂਗੋਵਾਲ, ਹਰਪਾਲ ਸਿੰਘ ਹੈਪੀ, ਰਾਮ ਸਰੂਪ ਕਿਲਾ, ਅਜੈਬ ਸਿੰਘ, ਬੂਟਾ ਸਿੰਘ, ਬਹਾਲ ਸਿੰਘ ਢੀਂਡਸਾ, ਕਰਨੈਲ ਸਿੰਘ ਜੱਸੇ ਕਾ, ਜਗਤਾਰ ਸਿੰਘ ਕਾਲਾਝਾੜ, ਜਸਵੰਤ ਸਿੰਘ ਤੋਲਾਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ। ਕਿਰਤੀ ਕਿਸਾਨ ਯੂਨੀਅਨ ਤੇ ਜ਼ਮਹੂਰੀ ਕਿਸਾਨ ਯੂਨੀਅਨ ਨੇ ਵੱਖਰੇ ਤੌਰ ’ਤੇ ਅਨਾਜ ਮੰਡੀ ਲੌਂਗੋਵਾਲ ’ਚ ਰੋਸ ਰੈਲੀ ਕੀਤੀ ਤੇ ਲੌਂਗੋਵਾਲ ਸ਼ਹਿਰ ਦੀ ਫਿਰਨੀ ਉੱਤੋਂ ਦੀ ਸੈਂਕੜੇ ਟਰੈਕਟਰਾਂ ਨਾਲ ਰੋਸ ਮਾਰਚ ਕੀਤਾ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ, ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕੁੰਨਰਾਂ, ਭਜਨ ਸਿੰਘ ਢੱਡਰੀਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਭਰਪੂਰ ਸਿੰਘ ਦੁੱਗਾਂ ਨੇ ਕਿਹਾ ਕਿ ਆਰਡੀਨੈਂਸਾਂ ਦੇ ਲਾਗੂ ਹੋ ਜਾਣ ਨਾਲ ਸਾਰਾ ਖ਼ਰੀਦ ਪ੍ਰਬੰਧ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਚਲਾ ਜਾਵੇਗਾ ਤੇ ਕਿਸਾਨਾਂ ਦੀ ਲੁੱਟ ਸ਼ੁਰੂ ਹੋ ਜਾਵੇਗੀ। ਇਹ ਆਰਡੀਨੈਂਸ ਸੂਬਿਆਂ ਦੇ ਅਧਿਕਾਰਾਂ ’ਤੇ ਸਿੱਧਾ ਡਾਕਾ ਹੈ ਤੇ ਅਕਾਲੀ ਲੀਡਰ ਹਕੂਮਤ ’ਚ ਭਾਈਵਾਲ ਬਣ ਕੇ ਇਨ੍ਹਾਂ ਦਾ ਬੇਸ਼ਰਮੀ ਨਾਲ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਜਸਦੀਪ ਸਿੰਘ ਬਹਾਦਰਪੁਰ, ਸੁਖਦੇਵ ਸਿੰਘ, ਬਲਜੀਤ ਸਿੰਘ ਦੁੱਗਾਂ, ਹਰਦੇਵ ਸਿੰਘ ਦੁੱਲਟ, ਰਾਜਾ ਸਿੰਘ ਜੈਦ, ਸਾਹਿਬ ਸਿੰਘ ਤੇ ਅਵਤਾਰ ਸਿੰਘ ਸਾਹੋ ਕੇ ਨੇ ਸੰਬੋਧਨ ਕੀਤਾ। ਮੈਡੀਕਲ ਪ੍ਰੈਕਟੀਨਸ਼ਰ ਯੂਨੀਅਨ ਵੱਲੋਂ ਸੂਬਾ ਖ਼ਜਾਨਚੀ ਮਾਘ ਸਿੰਘ ਮਾਣਕੀ ਦੀ ਅਗਵਾਈ ਹੇਠ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾਂ ਨੇ ਸਥਾਨਕ ਗੁੱਗਾ ਮਾੜੀ ‘ਤੇ ਕੀਤੇ ਇਕੱਠ ਦੌਰਾਨ ਆਰਡੀਨੈਂਸਾਂ ਦਾ ਵਿਰੋਧ ਕੀਤਾ। ਇਕੱਠ ਨੂੰ ਕਿਸਾਨ ਆਗੂਆਂ ਗੁਰਮੇਲ ਸਿੰਘ, ਬਹਾਲ ਸਿੰਘ, ਬਿੰਦਰ ਸਿੰਘ ਤੇ ਭੋਲਾ ਸਿੰਘ ਨੇ ਸੰਬੋਧਨ ਕੀਤਾ। ਕਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਸੰਘਰਸ਼ ਦੌਰਾਨ ਕਿਸਾਨ ਪੂਰੇ ਚੇਤੰਨ ਵਿਖਾਈ ਦਿੱਤੇ। ਕਿਸਾਨਾਂ ਨੇ ਸਮਾਜਿਕ ਦੂਰੀ ਬਣਾਈ ਰੱਖੀ ਤੇ ਹੱਥ ਮਿਲਾਉਣ ’ਤੋਂ ਪ੍ਰਹੇਜ ਰੱਖਿਆ। ਇਸ ਮੌਕੇ ਔਰਤਾਂ ਦੀ ਵੱਡੀ ਸ਼ਮੂਲੀਅਤ ਰਹੀ। ਪ੍ਰਸ਼ਾਸਨ ਵੱਲੋਂ ਏਐੱਸਪੀ ਮਹਿਤਾਬ ਸਿੰਘ ਤੇ ਐੱਸਐੱਚਓ ਬਲਵੰਤ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਦੇ ਵਧੀਆ ਪ੍ਰਬੰਧ ਕੀਤੇ ਹੋਏ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਾਇਬ ਤਹਿਸੀਲਦਾਰ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਥਾਂ ਉਨ੍ਹਾਂ ਦੇ ਪੁੱਤਰ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੂੰ ਜਾਰੀ ਕੀਤੇ ਆਰਡੀਨੈਂਸ ਵਾਪਸ ਲੈਣ ਲਈ ਮੰਗ ਪੱਤਰ ਦਿੱਤਾ।
ਕਿਸਾਨਾਂ ਵੱਲੋਂ ਸਾਬਕਾ ਸੰਸਦੀ ਸਕੱਤਰ ਗਰਗ ਦੀ ਰਿਹਾਇਸ਼ ਅੱਗੇ ਮੁਜ਼ਾਹਰਾ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਖ਼ਿਲਾਫ਼ 12 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ’ਤੇ ਅੱਜ ਇਥੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੀ ਕੋਠੀ ਅੱਗੇ ਸੈਂਕੜੇ ਟਰੈਕਟਰਾਂ ਨਾਲ ਕਿਸਾਨਾਂ ਨੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਤੋਂ ਪਹਿਲਾਂ ਅਨਾਜ ਮੰਡੀ ਭਵਾਨੀਗੜ੍ਹ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਬਖਸੀਵਾਲਾ, ਜਮਹੂਰੀ ਕਿਸਾਨ ਸਭਾ ਦੇ ਊਧਮ ਸਿੰਘ ਸੰਤੋਖਪੁਰਾ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਲੇਹਲ ਕਲਾਂ, ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦ, ਬੀਰਬਲ ਸਿੰਘ, ਬਲਵੀਰ ਸਿੰਘ ਜਲੂਰ, ਸਤਵੰਤ ਸਿੰਘ ਖੰਡੇਬਾਦ, ਮਾਸਟਰ ਜਰਨੈਲ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਨੇ ਪੰਜਾਬ ਦੀ ਕਿਸਾਨੀ ਤੇ ਸਮੁੱਚੀ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦੇਣਾ ਹੈ। ਉਨ੍ਹਾਂ ਕਿਹਾ ਕਿ ਮੰਡੀਕਰਨ ਤੋੜਨ ਤੋਂ ਬਾਅਦ ਫਸਲਾਂ ਦੀ ਘੱਟੋ ਘੱਟ ਸਹਾਇਕ ਕੀਮਤਾਂ ਦਾ ਕੋਈ ਮਹੱਤਵ ਨਹੀਂ ਰਹਿਣਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀਬਾੜੀ ਨੂੰ ਤਿੰਨ ਆਰਡੀਨੈਂਸਾਂ ਨਾਲ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਕੇ ਕਿਸਾਨ ਨੂੰ ਘਸਿਆਰੇ ਬਣਨ ਲਈ ਮਜਬੂਰ ਕਰ ਦੇਵੇਗੀ। ਉਨ੍ਹਾਂ ਬਿਜਲੀ ਬਿੱਲ ਦਾ ਡਟਵਾਂ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇਨ੍ਹਾਂ ਬਿੱਲਾਂ ਦੀ ਹਿਮਾਇਤ ਕਰਕੇ ਕਿਸਾਨੀ ਦੀ ਪਿੱਠ ’ਚ ਛੁਰਾ ਮਾਰਿਆ ਹੈ। ਉਨ੍ਹਾਂ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ। ਬਾਅਦ ਵਿੱਚ ਟਰੈਕਟਰਾਂ ਸਣੇ ਸਾਬਕਾ ਸੰਸਦੀ ਸਕੱਤਰ ਗਰਗ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ। ਆਪਣੀ ਰਿਹਾਇਸ਼ ਅੱਗੇ ਸ੍ਰੀ ਗਰਗ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਆਵਾਜ਼ ਪਾਰਟੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।