ਮੋਘਾ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ
ਪ੍ਰਭੂ ਦਿਆਲ
ਸਿਰਸਾ, 28 ਫਰਵਰੀ
ਸਿਰਸਾ ਮੇਜਰ ਨਹਿਰ ’ਚੋਂ ਲਾਇਆ ਜਾ ਰਿਹਾ ਮੋਘਾ ਰੱਦ ਕਰਵਾਉਣ ਲਈ ਪਿਛਲੇ 56 ਦਿਨਾਂ ਤੋਂ ਬਾਜੇਕਾਂ ਤੇ ਫੂਲਕਾਂ ਪਿੰਡ ਵਿਚਾਲੇ ਧਰਨਾ ਦੇ ਰਹੇ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਅੱਜ ਵਿਸ਼ਾਲ ਟਰੈਕਟਰ ਮਾਰਚ ਕਰਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ। ਰੋਹ ਵਿੱਚ ਆਏ ਕਿਸਾਨਾਂ ਨੇ ਸੈਂਕੜੇ ਟਰੈਕਟਰ ਡੀਸੀ ਦੇ ਦਫ਼ਤਰ ਦੇ ਮੁੱਖ ਗੇਟ ਅੱਗੇ ਖੜ੍ਹੇ ਕਰ ਦਿੱਤੇ ਤੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਰਾਜਸੀ ਦਬਾਅ ਹੇਠ ਸਿਰਸਾ ਮੇਜਰ ਨਹਿਰ ’ਚ ਲਾਇਆ ਜਾ ਰਿਹਾ ਮੋਘਾ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਪ੍ਰਦਰਸ਼ਨਕਾਰੀ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਸਭਾ ਦੇ ਆਗੂ ਸੁਵਰਨ ਸਿੰਘ ਵਿਰਕ ਨੇ ਦੱਸਿਆ ਕਿ ਡੇਰਾ ਸਿਰਸਾ ਵੱਲੋਂ ਵਸਾਏ ਨਵੇਂ ਪਿੰਡ ਸ਼ਾਹ ਸਤਨਾਮਪੁਰਾ ਲਈ ਸਿਰਸਾ ਮੇਜਰ ਨਹਿਰ ’ਚੋਂ ਧੱਕੇ ਨਾਲ ਮੋਘਾ ਲਾਇਆ ਜਾ ਰਿਹਾ ਹੈ ਜਦੋਂਕਿ ਸ਼ਾਹ ਸਤਨਾਮਪੁਰਾ ਪਿੰਡ ਪਹਿਲਾਂ ਹੀ ਵਣਮੰਦੌਰੀ ਨਹਿਰ ਦੇ ਕੰਢੇ ਵਸਿਆ ਹੋਇਆ ਹੈ ਅਤੇ ਪਿੰਡ ਨੂੰ ਪੀਣ ਲਈ ਤੇ ਸਿੰਚਾਈ ਲਈ ਪਾਣੀ ਮਿਲ ਰਿਹਾ ਹੈ।
ਸਿਰਸਾ ਮੇਜਰ ਨਹਿਰ ’ਚ ਪਹਿਲਾਂ ਹੀ ਪਾਣੀ ਦੀ ਕਾਫੀ ਕਮੀ ਹੈ। ਜੇਕਰ ਇਸ ਨਹਿਰ ’ਚੋਂ ਡੇਰੇ ਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਇੱਕ ਦਰਜਨ ਤੋਂ ਵੱਧ ਪਿੰਡਾਂ ’ਚ ਪੀਣ ਦੇ ਪਾਣੀ ਦਾ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ। ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਸਿਰਸਾ ਮੇਜਰ ਨਹਿਰ ’ਚੋਂ ਲਾਏ ਜਾਣ ਵਾਲੇ ਮੋਘੇ ਦੀ ਤਜਵੀਜ਼ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂ ਰਵੀ ਆਜ਼ਾਦ, ਡਾ. ਸੁਖਦੇਵ ਸਿੰਘ ਜੰਮੂ, ਬਲਰਾਜ ਸਿੰਘ ਬਣੀ, ਸਾਬਕਾ ਪ੍ਰਿੰਸੀਪਲ ਰਾਮ ਚੰਦ ਢੋਟ, ਭਜਨ ਲਾਲ ਢੋਟ, ਜੈਮਲ ਚੰਦ, ਰਾਮ ਕ੍ਰਿਸ਼ਨ ਫੌਜੀ ਆਦਿ ਮੌਜੂਦ ਸਨ।