ਖੇਤੀ ਵਿਭਾਗ ਵੱਲੋਂ ਦੌਲਤਪੁਰਾ ’ਚ ਕਿਸਾਨ ਜਾਗਰੂਕਤਾ ਸਮਾਗਮ
ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਗਸਤ
ਖੇਤੀਬਾੜੀ ਵਿਭਾਗ ਵੱਲੋਂ ਪਿੰਡ ਦੌਲਤਪੁਰਾ ਵਿਖੇ ਕਿਸਾਨ ਜਾਗਰੂਕਤਾ ਸਮਾਗਮ ਵਿਚ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਖੇਤੀ ਨਾਲ ਸਹਾਇਕ ਧੰਦੇ ਵੀ ਅਪਣਾਉਣ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਗਿਆ। ਮੁੱਖ ਖੇਤੀਬਾੜੀ ਅਫ਼ਸਰ ਸਟੇਟ ਐਵਾਰਡੀ ਡਾ.ਜਸਵਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ ਸਹਾਇਕ ਧੰਦੇ ਪਸ਼ੂ, ਮੱਛੀ ਤੇ ਮੁਰਗੀ ਪਾਲਣ, ਡੇਅਰੀ, ਬਾਗਬਾਨੀ, ਫੁੱਲਾਂ ਦੀ ਕਾਸ਼ਤ ਕਰਕੇ ਵੱਧ ਆਮਦਨ ਲੈਣ ਲਈ ਇਸ ਦੀ ਬਰਾਂਡਿੰਗ ਤੇ ਮਾਰਕੀਟਿੰਗ ਦਾ ਸੱਦਾ ਦਿੰਦੇ ਕਿਹਾ ਕਿ ਸਰਕਾਰ ਵੱਲੋਂ ਸਹਾਇਕ ਕਿੱਤਾ ਸ਼ੁਰੂ ਕਰਨ ਵਾਲਿਆਂ ਨੂੰ ਜਿਥੇ ਸਿਖਲਾਈ ਦਿੱਤੀ ਜਾਂਦੀ ਹੈ, ਉਥੇ ਹੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨ ਹਿੱਤ ਵਿੱਚ ਦਸ ਕੀਟਨਾਸ਼ਕ ਤੇ ਉਲੀ ਨਾਸਕ ਜਹਿਰਾਂ ’ਤੇ ਬਾਸਮਤੀ ਦੀ ਫਸਲ ਉਪਰ ਸਪਰੇਅ ਕਰਨ ਤੇ ਪੂਰਨ ਪਾਬੰਦੀ ਲਗਾਈ ਹੈ। ਉਨ੍ਹਾਂ ਪੌਦੇ ਲਗਾਉਣ ਦੀ ਅਪੀਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਖੇਤੀਬਾੜੀ ਮਹਿਕਮੇ ਨਾਲ ਰਾਬਤਾ ਬਣਾਉਣ ਲਈ ਕਿਹਾ।