ਖਡੂਰ ਸਾਹਿਬ ਮੰਡੀ ’ਚ ਢਿੱਲੇ ਖ਼ਰੀਦ ਪ੍ਰਬੰਧਾਂ ਕਾਰਨ ਕਿਸਾਨ ਪ੍ਰੇਸ਼ਾਨ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 12 ਅਕਤੂਬਰ
ਅਨਾਜ ਮੰਡੀ ਖਡੂਰ ਸਾਹਿਬ ਵਿੱਚ ਝੋਨੇ ਦੀ ਖ਼ਰੀਦ ਮੱਠੀ ਰਫ਼ਤਾਰ ਨਾਲ ਹੋਣ ਕਰ ਕੇ ਕਿਸਾਨ ਪ੍ਰੇਸ਼ਾਨ ਹਨ। ਇਸ ਕਾਰਨ ਮੰਡੀ ਵਿੱਚ ਝੋਨੇ ਦੀ ਫ਼ਸਲ ਲੈ ਕੇ ਆਏ ਕਿਸਾਨ ਕਰੀਬ ਦਸ ਦਿਨਾਂ ਤੋਂ ਖ਼ੁਆਰ ਹੋ ਰਹੇ ਹਨ। ਇਸ ਮੌਕੇ ਕਿਸਾਨਾਂ ਹਰਦੀਪ ਸਿੰਘ, ਨਿਸ਼ਾਨ ਸਿੰਘ, ਨਿਰਵੈਲ ਸਿੰਘ, ਰਸ਼ਪਾਲ ਸਿੰਘ ਆਦਿ ਨੇ ਕਿਹਾ ਕਿ ਮੰਡੀ ਵਿੱਚ ਬਾਰਦਾਨੇ ਦੀ ਘਾਟ ਅਤੇ ਚੁਕਾਈ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਆੜ੍ਹਤੀਆਂ ’ਤੇ ਦੋਸ਼ ਲਗਾਉਂਦੇ ਹੋਏ ਆਖਿਆ ਕਿ ਕੁੱਝ ਆੜ੍ਹਤੀਏ ਫ਼ਸਲ ਦੀ ਤੁਲਾਈ ਤੋਂ ਬਾਅਦ ਆਪਣੀ ਮਨਮਰਜ਼ੀ ਨਾਲ ਕਾਟ ਕੱਟ ਕੇ ਕਿਸਾਨਾਂ ਦੀ ਕਥਿਤ ਲੁੱਟ ਕਰ ਰਹੇ ਹਨ।
ਇਸ ਮੌਕੇ ਇਕੱਤਰ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆਂ ਆਖਿਆ ਕਿ ਦਾਣਾ ਮੰਡੀ ਖਡੂਰ ਸਾਹਿਬ ਵਿੱਚ ਛੇਤੀ ਤੋਂ ਛੇਤੀ ਬਾਰਦਾਨਾ ਭੇਜਿਆ ਜਾਵੇ ਅਤੇ ਸਮੇਂ ਸਿਰ ਚੁਕਾਈ ਵੀ ਕਰਵਾਈ ਜਾਵੇ।
ਇਸ ਸਬੰਧੀ ਐੱਸਡੀਐੱਮ ਖਡੂਰ ਸਾਹਿਬ ਅਰਵਿੰਦਰਪਾਲ ਸਿੰਘ ਨੇ ਆਖਿਆ ਕਿ ਚੁਕਾਈ ਦੀ ਸਮੱਸਿਆ ਪੂਰੇ ਪੰਜਾਬ ਵਿੱਚ ਹੈ ਜੋ ਇੱਕ ਦੋ ਦਿਨ ਤੱਕ ਹੱਲ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਸਬ-ਡਿਵੀਜ਼ਨ ਵਿੱਚ ਬਾਰਦਾਨੇ ਦੀ ਕੋਈ ਦਿੱਕਤ ਨਹੀਂ ਹੈ। ਉੱਥੇ ਹੀ ਕੁੱਝ ਏਜੰਸੀਆਂ ਵੱਲੋਂ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਆੜ੍ਹਤੀਆਂ ਦੀ ਕਾਟ ਸਬੰਧੀ ਉਨ੍ਹਾਂ ਆਖਿਆ ਕਿ ਜਿੰਨੀ ਦੇਰ ਫ਼ਸਲ ਦੀ ਖ਼ਰੀਦ ਨਹੀਂ ਹੁੰਦੀ ਕਾਟ ਦੇ ਦੋਸ਼ ਲਾਉਣਾ ਗ਼ਲਤ ਹੈ।