For the best experience, open
https://m.punjabitribuneonline.com
on your mobile browser.
Advertisement

ਸਹਿਕਾਰੀ ਖੇਤੀਬਾੜੀ ਸਭਾਵਾਂ ’ਚ ਯੂਰੀਆ ਖਾਦ ਦੀ ਘਾਟ ਤੋਂ ਕਿਸਾਨ ਪ੍ਰੇਸ਼ਾਨ

08:01 AM Dec 07, 2023 IST
ਸਹਿਕਾਰੀ ਖੇਤੀਬਾੜੀ ਸਭਾਵਾਂ ’ਚ ਯੂਰੀਆ ਖਾਦ ਦੀ ਘਾਟ ਤੋਂ ਕਿਸਾਨ ਪ੍ਰੇਸ਼ਾਨ
ਯੂਰੀਆ ਨਾ ਮਿਲਣ ਕਾਰਨ ਸਹਿਕਾਰੀ ਖੇਤੀਬਾੜੀ ਸਭਾ ਹੁਲਕਾ ਦੇ ਦਫ਼ਤਰ ਸਾਹਮਣੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 6 ਦਸੰਬਰ
ਬਨੂੜ ਖੇਤਰ ਦੀਆਂ ਸਮੁੱਚੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਯੂਰੀਆ ਖਾਦ ਦੀ ਕਿੱਲਤ ਤੋਂ ਕਿਸਾਨ ਪ੍ਰੇਸ਼ਾਨ ਹਨ। ਕਿਸੇ ਵੀ ਸੁਸਾਇਟੀ ਵਿੱਚ ਇਨੀਂ ਦਿਨੀਂ ਯੂਰੀਆ ਖਾਦ ਦਾ ਇੱਕ ਥੈਲਾ ਨਹੀਂ ਹੈ ਜਦੋਂਕਿ ਤਾਜ਼ਾ ਬਾਰਸ਼ ਕਾਰਨ ਕਣਕ ਲਈ ਯੂਰੀਆ ਖਾਦ ਦੀ ਭਾਰੀ ਲੋੜ ਹੈ। ਸਹਿਕਾਰੀ ਖੇਤੀਬਾੜੀ ਸਭਾ ਹੁਲਕਾ ਦੇ ਦਫ਼ਤਰ ਅੱਗੇ ਅੱਜ ਕਿਸਾਨਾਂ ਨੇ ਯੂਰੀਆ ਦੀ ਅਣਹੋਂਦ ਕਾਰਨ ਨਾਅਰੇਬਾਜ਼ੀ ਕੀਤੀ। ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਲੋੜ ਅਨੁਸਾਰ ਤੁਰੰਤ ਯੂਰੀਆ ਪਹੁੰਚਾਉਣ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਦੀ ਚਿਤਾਵਨੀ ਦਿੱਤੀ।
ਕਿਸਾਨ ਆਗੂਆਂ ਤਰਲੋਚਨ ਸਿੰਘ ਨੰਡਿਆਲੀ, ਪਰਮਦੀਪ ਸਿੰਘ ਬੈਦਵਾਣ, ਕਿਰਪਾਲ ਸਿੰਘ ਸਿਆਊ, ਸ਼ੇਰ ਸਿੰਘ ਦੈੜੀ, ਲਖਵਿੰਦਰ ਸਿੰਘ ਕਰਾਲਾ, ਸਤਨਾਮ ਸਿੰਘ ਸੱਤਾ ਖਲੌਰ, ਮਨਜੀਤ ਸਿੰਘ ਤੰਗੌਰੀ, ਗੁਰਪ੍ਰੀਤ ਸਿੰਘ ਸੇਖਨਮਾਜਰਾ ਨੇ ਦੱਸਿਆ ਕਿ ਆਲੂਆਂ ਅਤੇ ਕਣਕ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਡੀਏਪੀ ਖਾਦ ਦੀ ਲੋੜ ਸੀ ਪਰ ਸਮੇਂ ਸਿਰ ਕਿਸੇ ਵੀ ਸਹਿਕਾਰੀ ਸਭਾ ਵਿੱਚੋਂ ਡੀਏਪੀ ਖਾਦ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅੰਬਾਲਾ ਤੇ ਹੋਰਨਾਂ ਥਾਵਾਂ ਤੋਂ ਮਹਿੰਗੇ ਮੁੱਲ ’ਤੇ ਖਾਦ ਲਿਆਉਣੀ ਪਈ। ਕਿਸਾਨਾਂ ਨੇ ਦੱਸਿਆ ਕਿ ਹੁਣ ਬਾਰਸ਼ ਤੋਂ ਬਾਅਦ ਕਣਕ ਦੀ ਫ਼ਸਲ ਵਿੱਚ ਯੂਰੀਆ ਖਾਦ ਪਾਈ ਜਾਣੀ ਹੈ ਪਰ ਕਿਸੇ ਵੀ ਸਹਿਕਾਰੀ ਸਭਾ ਵਿੱਚ ਯੂਰੀਆ ਖਾਦ ਦਾ ਇੱਕ ਥੈਲਾ ਨਹੀਂ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਹੁਲਕਾ, ਮਨੌਲੀ ਸੂਰਤ, ਜੰਗਪੁਰਾ, ਰਾਜੋਮਾਜਰਾ, ਖਲੌਰ, ਛੱਤ, ਮਾਣਕਪੁਰ ਕੱਲਰ, ਗੀਗੇਮਾਜਰਾ, ਭਾਗੋਮਾਜਰਾ, ਮਨੌਲੀ, ਦੇਵੀਨਗਰ ਅਬਰਾਵਾਂ ਆਦਿ ਖੇਤੀਬਾੜੀ ਸਭਾਵਾਂ ਵਿੱਚ ਪਤਾ ਕੀਤਾ ਪਰ ਕਿਸੇ ਸੁਸਾਇਟੀ ਵਿੱਚ ਯੂਰੀਆ ਨਹੀਂ ਹੈ।

Advertisement

ਸਹਿਕਾਰੀ ਸਭਾਵਾਂ ਦੇ ਅਮਲੇ ਵੱਲੋਂ ਮਾਰਕਫੈੱਡ ਤੇ ਇਫ਼ਕੋ ਦੇ ਬਾਈਕਾਟ ਦਾ ਐਲਾਨ
ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਹੁਲਕਾ ਨੇ ਸੁਸਾਇਟੀਆਂ ਵਿੱਚ ਯੂਰੀਆ ਨਾ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਡੀਏਪੀ ਸਮੇਂ ਸਿਰ ਨਹੀਂ ਭੇਜਿਆ ਗਿਆ ਤੇ ਹੁਣ ਯੂਰੀਆ ਦੀ ਲੋੜ ਹੈ ਤਾਂ ਇਹ ਨਹੀਂ ਭੇਜਿਆ ਜਾ ਰਿਹਾ। ਇਸ ਨਾਲ ਖੇਤੀਬਾੜੀ ਸਭਾਵਾਂ ਦੇ ਕਾਰੋਬਾਰ ਅਤੇ ਆਮਦਨ ’ਤੇ ਅਸਰ ਪੈ ਰਿਹਾ ਹੈ ਤੇ ਕਰਜ਼ੇ ਦੀ ਰਿਕਵਰੀ ਵੀ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਅਤੇ ਇਫਕੋ ਵੱਲੋਂ ਯੂਰੀਆ ਨਾ ਭੇਜੇ ਦੇ ਵਿਰੋਧ ਵਿੱਚ ਜ਼ਿਲ੍ਹੇ ਦੀਆਂ ਸਮੁੱਚੀਆਂ ਸੁਸਾਇਟੀਆਂ ਵੱਲੋਂ ਦੋਵੇਂ ਅਦਾਰਿਆਂ ਦੇ ਬਿਲਾਂ ਦਾ ਭੁਗਤਾਨ ਤੇ ਹੋਰ ਕੰਮ ਦਾ ਬਾਈਕਾਟ ਆਰੰਭ ਦਿੱਤਾ ਗਿਆ ਹੈ।

Advertisement

Advertisement
Author Image

Advertisement