For the best experience, open
https://m.punjabitribuneonline.com
on your mobile browser.
Advertisement

ਲਿਫਟਿੰਗ ਨਾ ਹੋਣ ਕਾਰਨ ਕਣਕ ਭੁੰਜੇ ਸੁੱਟ ਰਹੇ ਨੇ ਕਿਸਾਨ

07:54 AM May 04, 2024 IST
ਲਿਫਟਿੰਗ ਨਾ ਹੋਣ ਕਾਰਨ ਕਣਕ ਭੁੰਜੇ ਸੁੱਟ ਰਹੇ ਨੇ ਕਿਸਾਨ
ਪਿੰਡ ਭੈਣੀਬਾਘਾ ਦੇ ਖ਼ਰੀਦ ਕੇਂਦਰ ’ਚ ਲਿਫਟਿੰਗ ਨਾ ਹੋਣ ਕਣਕ ਦੇ ਲੱਗੇ ਅੰਬਾਰ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 3 ਮਈ
ਇਸ ਖੇਤਰ ਵਿੱਚ ਪੇਂਡੂ ਖ਼ਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ’ਚ ਚੁਕਾਈ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਕਿਸਾਨਾਂ ਵੱਲੋਂ ਆਪਣੀ ਪੁੱਤਾਂ ਵਾਂਗ ਪਾਲ਼ੀ ਕਣਕ ਦੀ ਫ਼ਸਲ ਨੂੰ ਵੇਚਣ ਲਈ ਭੁੰਜੇ ਸੁੱਟਿਆ ਜਾ ਰਿਹਾ ਹੈ। ਕਈ ਥਾਂਵਾਂ ’ਤੇ ਬਾਰਦਾਨੇ ਦਾ ਮਸਲਾ ਵੀ ਸੁਲਝਿਆ ਨਹੀਂ, ਜਦੋਂਕਿ ਅੰਨਦਾਤਾ ਨੂੰ ਤੋਲ-ਤੁਲਾਈ ਲਈ ਕਈ-ਕਈ ਦਿਨ ਉਲਝਣਾ ਪੈ ਰਿਹਾ ਹੈ। ਅਨਾਜ ਮੰਡੀਆਂ ਵਿੱਚ ਉੱਚ ਅਧਿਕਾਰੀਆਂ ਦੀ ਫੇਰੀਆਂ ਵੀ ਮਸਲੇ ਦਾ ਹੱਲ ਨਾ ਕੱਢ ਸਕੀਆਂ।
ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਵੀ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚੋਂ ਲਿਫਟਿੰਗ ਦੀ ਸਮੱਸਿਆ ਹੱਲ ਨਹੀਂ ਹੋਈ। ਜ਼ਿਲ੍ਹੇ ਦੇ ਵੱਡੇ ਨੇਤਾਵਾਂ ਦੇ ਪਿੰਡਾਂ ਦੀਆਂ ਅਨਾਜ ਮੰਡੀਆਂ ਵਿਚੋਂ ਵੀ ਖ਼ਰੀਦ ਏਜੰਸੀਆਂ ਕਣਕ ਦੀਆਂ ਬੋਰੀਆਂ ਨਹੀਂ ਚੁੱਕੀਆਂ ਹਨ। ਕਣਕ ਦੀ ਖ਼ਰੀਦ ਕਰ ਰਹੀਆਂ ਸਾਰੀਆਂ ਏਜੰਸੀਆਂ ਵੱਲੋਂ ਮੰਡੀਆਂ ਨੂੰ ਵਿਹਲੇ ਕਰਵਾਉਣ ਦੇ ਹਰ ਹੀਲੇ ਦਾ ਅੱਜ ਸ਼ਾਮ ਤੱਕ ਜਲੂਸ ਨਿਕਲਿਆ ਰਿਹਾ। ਕਈ ਮੰਡੀਆਂ ਵਿੱਚ ਬਾਰਦਾਨੇ ਦਾ ਮਸਲਾ ਨਾ ਸੁਲਝਣ ਕਰਕੇ ਅੰਨਦਾਤਾ ਤੋਲ-ਤੁਲਾਈ ਦੀ ਤਕਲੀਫ਼ ਵਿੱਚ ਲਗਾਤਾਰ ਉਲਝਿਆ ਹੋਇਆ ਹੈ।
ਜ਼ਿਲ੍ਹੇ ਦੀਆਂ ਲਗਪਗ ਸਾਰੀਆਂ ਅਨਾਜ ਮੰਡੀਆਂ ਵਿਚ ਲਿਫਟਿੰਗ ਦੀ ਜੋ ਭਾਰੀ ਤਕਲੀਫ਼ ਕਈ ਦਿਨਾਂ ਤੋਂ ਚੱਲੀ ਆ ਰਹੀ ਹੈ, ਉਹ ਅੱਜ ਵੀ ਠੱਲ੍ਹੀ ਨਹੀਂ ਜਾ ਸਕੀ ਹੈ। ਜਾਣਕਾਰੀ ਅਨੁਸਾਰ ਮੋਟੇ ਤੌਰ ’ਤੇ ਦੋ ਦਰਜਨ ਤੋਂ ਵੱਧ ਅਨਾਜ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਦੀ ਸਭ ਤੋਂ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਲਿਫਟਿੰਗ ਨਾ ਹੋਣ ਕਰਕੇ ਹੀ ਨਵੀਂ ਜਿਣਸ ਮੰਡੀ ਵਿਚ ਨਹੀਂ ਡਿੱਗ ਸਕਦੀ ਹੈ। ਦੂਜੇ ਪਾਸੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮੰਡੀਆਂ ’ਚੋਂ ਚੁਕਾਈ ਦੀ ਬਿਪਤਾ ਕਾਰਨ ਕਿਸਾਨਾਂ ਦੀ ਹੋਰ ਕਣਕ ਨੂੰ ਵੇਚਣ ਲਈ ਪਿੜਾਂ ਵਿੱਚ ਲਿਆਉਣੀ ਇਸ ਵੇਲੇ ਸਭ ਤੋਂ ਵੱਡੀ ਤਕਲੀਫ਼ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਆੜ੍ਹਤੀਆਂ ਨਾਲ ਕਣਕ ਸੁੱਟਣ ਲਈ ਲੋਹੇ-ਲਾਖੇ ਹੋਣ ਲੱਗੇ ਹਨ, ਪਰ ਉਨ੍ਹਾਂ ਦੀਆਂ ਅਰਜੋਈਆਂ ਦਾ ਖ਼ਰੀਦ ਅਧਿਕਾਰੀਆਂ ਕੋਲ ਕੋਈ ਮੁੱਲ ਨਹੀਂ ਪੈ ਰਿਹਾ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਪਈ ਕਣਕ ਨੂੰ ਹਰ-ਹੀਲੇ ਚੁਕਵਾਉਣ ਦੇ ਆਦੇਸ਼ ਦਿੱਤੇ ਹਨ।
ਸ਼ਹਿਣਾ (ਪ੍ਰਮੋਦ ਸਿੰਗਲਾ): ਇੱਥੇ ਖ਼ਰੀਦ ਕੇਂਦਰ ’ਚ ਕਣਕ ਦੀ ਆਮਦ ਬੰਦ ਹੋ ਗਈ ਹੈ ਅਤੇ ਖਰੀਦ ਕੇਂਦਰ ‘ਚ ਇੱਕ ਲੱਖ ਦੇ ਕਰੀਬ ਕਣਕ ਦਾ ਗੱਟਾ ਪਿਆ ਹੈ। ਇੱਥੇ ਲਿਫਟਿੰਗ ਦਾ ਕੰਮ ਮੱਧਮ ਹੈ। ਲੋੜ ਅਨੁਸਾਰ ਟਰੱਕ ਨਹੀ ਆ ਰਹੇ ਹਨ। ਹੋਰ ਖ਼ਰੀਦ ਕੇਂਦਰਾਂ ’ਚ ਵੀ ਲਿਫਟਿੰਗ ਦੀ ਸਮੱਸਿਆ ਹੈ। ਖ਼ਰੀਦ ਕੇਂਦਰ ’ਚ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਕਿਸੇ ਵੀ ਆਗੂ, ਕਿਸਾਨ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਗੇੜਾ ਨਹੀਂ ਮਾਰਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×