ਡੀਏਪੀ ਦੇ ਬਦਲ ਵਜੋਂ ਐੱਨਪੀਕੇ ਵਰਤ ਰਿਹੈ ਕਿਸਾਨ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਨਵੰਬਰ
ਲੋਹੀਆਂ ਖ਼ਾਸ ਦੇ ਪਿੰਡ ਸ਼ੇਰਗੜ੍ਹੀ ਦੇ ਕਿਸਾਨ ਲਖਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਡੀਏਪੀ ਖਾਦ ਦੇ ਬਦਲ ਵਜੋਂ ਐੱਨਪੀਕੇ ਦੀ ਵਰਤੋਂ ਕਰ ਰਿਹਾ ਹੈ ਅਤੇ ਇਸ ਨਾਲ ਫ਼ਸਲ ਦੇ ਝਾੜ ’ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਲਖਵਿੰਦਰ ਸਿੰਘ ਨੇ ਕਿਹਾ ਕਿ ਮਿੱਟੀ ਵਿੱਚ ਫਾਸਫੋਰਸ ਤੱਤਾਂ ਦੀ ਪੂਰਤੀ ਲਈ ਸਿਰਫ਼ ਡੀਏਪੀ ’ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ। ਉਹ ਪਿਛਲੇ ਦੋ-ਤਿੰਨ ਸਾਲਾਂ ਤੋਂ ਕਣਕ ਦੀ ਬਿਜਾਈ ਲਈ ਐੱਨਪੀਕੇ 16:16:16 ਵਰਤ ਰਿਹਾ ਹੈ, ਜਿਸ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ ਅਤੇ ਫ਼ਸਲ ਦੇ ਝਾੜ ’ਤੇ ਵੀ ਚੰਗਾ ਅਸਰ ਪਿਆ ਹੈ। ਇਸ ਤੋਂ ਇਲਾਵਾ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਦੇ ਨਾਲ ਖੇਤੀ ਖਰਚੇ ਘਟਾਉਣ ਵਿੱਚ ਵੀ ਮਦਦ ਮਿਲੀ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਡੀਏਪੀ ’ਤੇ ਆਪਣੀ ਨਿਰਭਰਤਾ ਘੱਟ ਕਰਨ ਲਈ ਇਸ ਦੇ ਬਦਲਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ।
ਖੇਤਬਾੜੀ ਅਫ਼ਸਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਡੀਏਪੀ ਦੇ ਬਦਲ ਵਜੋਂ ਟ੍ਰਿਪਲ ਸੁਪਰ ਫਾਸਫੇਟ (0:46:0), ਐੱਨਪੀਕੇ 12:32:16, ਸਿੰਗਲ ਸੁਪਰ ਫਾਸਫੇਟ ਐੱਨਪੀਕੇ 16:16:16 ਅਤੇ ਐੱਨਪੀਕੇ 20:20:13 ਖਾਦ ਫਸਲਾਂ ਲਈ ਬਹੁਤ ਲਾਹੇਵੰਦ ਹੈ ਅਤੇ ਮਿੱਟੀ ਵਿੱਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਪੂਰਤੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਐੱਨਪੀਕੇ 12:32:16 ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਸੰਤੁਲਿਤ ਮਿਸ਼ਰਨ ਹੁੰਦਾ ਹੈ। ਇਹ ਡੀਏਪੀ ਦਾ ਚੰਗਾ ਬਦਲ ਹੈ ਅਤੇ ਮਿੱਟੀ ਦੀ ਗੁਣਵੱਤਾ ਨੂੰ ਬਣਾਈ ਰੱਖਣ ਵਿੱਚ ਸਹਾਇਕ ਹੈ। ਸਿੰਗਲ ਸੁਪਰ ਫਾਸਫੇਟ ਵਿੱਚ 16 ਫੀਸਦ ਫਾਸਫੋਰਸ ਹੁੰਦਾ ਹੈ। ਇਸ ਵਿੱਚ ਸਲਫ਼ਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਪੌਦਿਆਂ ਦੀ ਪੋਸ਼ਣ ਸਮਰੱਥਾ ਵਿੱਚ ਸੁਧਾਰ ਕਰਦੀ ਹੈ।