ਬਨੂੜ ਮੰਡੀ ਵਿੱਚ ਖ਼ਰੀਦ ਨਾ ਹੋਣ ਤੋਂ ਭੜਕੇ ਕਿਸਾਨ
ਕਰਮਜੀਤ ਸਿੰਘ ਚਿੱਲਾ
ਬਨੂੜ, 28 ਅਕਤੂਬਰ
ਸਥਾਨਕ ਮੰਡੀ ਵਿੱਚ ਚਾਰ ਦਿਨਾਂ ਤੋਂ ਝੋਨੇ ਦੀ ਖ਼ਰੀਦ ਅਤੇ ਚੁਕਾਈ ਨਾ ਹੋਣ ਕਾਰਨ ਸਮੁੱਚੀ ਮੰਡੀ ਵਿੱਚ ਬੋਰੀਆਂ ਦੇ ਲੱਗੇ ਅੰਬਾਰਾਂ ਤੋਂ ਭੜਕੇ ਕਿਸਾਨਾਂ ਨੇ ਅੱਜ ਮਾਰਕੀਟ ਕਮੇਟੀ ਬਨੂੜ ਦੇ ਦਫ਼ਤਰ ਸਾਹਮਣੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ। ਕਿਸਾਨਾਂ ਵੱਲੋਂ ਅਧਿਕਾਰੀਆਂ ਦਾ ਘਿਰਾਓ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ। ਕਿਸਾਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁੱਜੇ ਬਨੂੜ ਦੇ ਨਾਇਬ ਤਹਿਸੀਲਦਾਰ ਹਿਰਦੇਬੀਰ ਸਿੰਘ ਚੀਮਾ ਤੇ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਆੜ੍ਹਤੀਆਂ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੰਗਲਵਾਰ ਤੋਂ ਮੰਡੀ ਵਿੱਚ ਖ਼ਰੀਦ ਅਤੇ ਚੁਕਾਈ ਦਾ ਕੰਮ ਸੁਚਾਰੂ ਰੂਪ ਵਿੱਚ ਆਰੰਭ ਹੋ ਜਾਵੇਗਾ। ਇਸ ਭਰੋਸੇ ਮਗਰੋਂ ਕਿਸਾਨ ਸ਼ਾਂਤ ਹੋਏ। ਉਨ੍ਹਾਂ ਖ਼ਰੀਦ ਨਾ ਹੋਣ ’ਤੇ ਘਿਰਾਓ ਕਰਨ ਦੀ ਗੱਲ ਆਖੀ।
ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਕਿਰਪਾਲ ਸਿੰਘ ਸਿਆਊ, ਸਰਪੰਚ ਲੱਖੀ ਕਰਾਲਾ, ਕਿਸਾਨ ਸਭਾ ਦੇ ਗੁਰਦਰਸ਼ਨ ਸਿੰਘ ਖਾਸਪੁਰ, ਮੋਹਣ ਸਿੰਘ ਸੋਢੀ, ਤੇਜਿੰਦਰ ਸਿੰਘ ਪੂਨੀਆ, ਗੁਰਵਿੰਦਰ ਸਿੰਘ ਸਿਆਊ, ਸਤਨਾਮ ਸਿੰਘ ਖਾਸਪੁਰ, ਜਸਵੀਰ ਸਿੰਘ ਖਲੌਰ, ਇੰਦਰਜੀਤ ਸਿੰਘ ਖਲੌਰ, ਸੁੱਖੀ ਤੰਗੋਰੀ, ਕਰਮਜੀਤ ਸਿੰਘ ਨੰਗਲ, ਸ਼ੇਰ ਸਿੰਘ ਦੈੜੀ, ਮਨਜੀਤ ਸਿੰਘ ਤੰਗੌਰੀ, ਕੁਲਵੰਤ ਸਿੰਘ ਨੰਡਿਆਲੀ ਨੇ ਦੱਸਿਆ ਪਿਛਲੇ ਚਾਰ ਦਿਨਾਂ ਤੋਂ ਮੰਡੀ ਵਿੱਚ ਝੋਨੇ ਦੀ ਖ਼ਰੀਦ ਨਹੀਂ ਹੋ ਰਹੀ।