ਸਿੰਜਾਈ ਲਈ ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਜੁਲਾਈ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਹਲਕਾ ਸ਼ੁਤਰਾਣਾ ਵਿੱਚ ਕਈ ਰਜਵਾਹੇ ਹਾਲੇ ਤੱਕ ਸੁੱਕੇ ਪਏ ਹਨ। ਰਜਵਾਹਿਆਂ ਵਿੱਚ ਪਾਣੀ ਨਾ ਆਉਣ ਕਰ ਕੇ ਕਿਸਾਨਾਂ ਵਿੱਚ ਰੋਸ ਹੈ।
ਇਸ ਸਬੰਧੀ ਪਿੰਡ ਭੂੰਡਥੇਹ ਦੇ ਕਿਸਾਨ ਦਲਜੀਤ ਸਿੰਘ ਫੌਜੀ, ਅਮਰੀਕ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਕੁਲਦੀਪ ਸਿੰਘ ਗਲੋਲੀ, ਗੁਰਬਚਨ ਸਿੰਘ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਪਿੰਡ ਬੂਟਾ ਸਿੰਘ ਵਾਲਾ ਤੋਂ ਨਿਕਲਣ ਵਾਲਾ ਰਜਵਾਹਾ ਪਿੰਡ ਬਕਰਾਹਾ, ਸਧਾਰਨਪੁਰ, ਮੋਮੀਆਂ, ਭੂੰਡਥੇਹ, ਕਰਤਾਰਪੁਰ, ਰਸੌਲੀ ਅਤੇ ਸ਼ੁਤਰਾਣਾ ਦੇ ਖੇਤਾਂ ਨੂੰ ਪਾਣੀ ਮੁਹੱਈਆ ਕਰਵਾਉਂਦਾ ਹੈ। ਹਾਲੇ ਤਕ ਇਸ ਰਜਵਾਹੇ ਵਿਚ ਪਾਣੀ ਦੀ ਬੂੰਦ ਵੀ ਨਹੀਂ ਆਈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤਾਂ ਵਿੱਚ ਪਾਣੀ ਪੁੱਜਦਾ ਕੀਤਾ ਜਾਵੇ।
ਇਸ ਦੌਰਾਨ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਭਗਵੰਤ ਮਾਨ ਨੂੰ ਸਰਕਾਰ ਵੱਲੋਂ ਨਹਿਰੀ ਪਾਣੀ ਖੇਤਾਂ ਤੱਕ ਪੁਚਾਉਣ ਉੱਪਰਾਲੇ ਕੀਤੇ ਗਏ ਹਨ ਪਰ ਇਹ ਕਾਫ਼ੀ ਨਹੀਂ ਹਨ। ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਵਿੱਚ ਨਹਿਰੀ ਪਾਣੀ ਦੀ ਵੱਡੀ ਘਾਟ ਹੈ ਜਦੋਂਕਿ ਭਾਖੜਾ ਨਹਿਰ ਇੱਥੋਂ ਦੀ ਭਰ ਕੇ ਹਰਿਆਣਾ ਤੇ ਰਾਜਸਥਾਨ ਲਈ ਵਹਿੰਦੀ ਹੈ। ਇਹ ਹਲਕੇ ਦੇ ਲੋਕਾਂ ਨਾਲ ਸਰਾਸਰ ਧੱਕਾ ਹੈ। ਪਾਣੀਆਂ ਦੇ ਮਾਲਕ ਪੰਜਾਬ ਦੀਆਂ ਜ਼ਮੀਨਾਂ ਬੰਜਰ ਹੋ ਰਹੀਆਂ ਹਨ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਰਜਵਾਹੇ ਦੀ ਤਕਨੀਕੀ ਖ਼ਰਾਬੀ ਬਣੀ ਅਡ਼ਿੱਕਾ: ਅਧਿਕਾਰੀ
ਨਹਿਰੀ ਵਿਭਾਗ ਦੇ ਜੂਨੀਅਰ ਇੰਜਨੀਅਰ ਨਰਿੰਦਰਪਾਲ ਸਿੰਘ ਨੇ ਕਿਹਾ ਪੰਜਾਬ ਸਰਕਾਰ ਹਰ ਖੇਤ ਤੱਕ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਵਿਭਾਗ ਪੂਰੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਰਜਵਾਹੇ ਦੀ ਡਰਾਇੰਗ ਸਹੀ ਨਾ ਹੋਣ ਕਾਰਨ ਇੱਥੇ ਪਿਛਲੇ ਕਈ ਸਾਲਾਂ ਤੋਂ ਪਾਣੀ ਨਹੀਂ ਆਇਆ। ਰਜਵਾਹੇ ਦੀ ਸਫ਼ਾਈ ਦਾ ਐਸਟੀਮੇਟ ਬਣਾ ਕੇ ਭੇਜਿਆ ਹੋਇਆ ਹੈ। ਹਰ ਖੇਤ ਤੱਕ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।