ਭਾਜਪਾ ਦੇ ਰਾਜ ਵਿੱਚ ਡੀਏਪੀ ਦੀ ਘਾਟ ਨਾਲ ਜੂਝ ਰਹੇ ਨੇ ਕਿਸਾਨ: ਅਰੋੜਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 20 ਅਕਤੂਬਰ
ਥਾਨੇਸਰ ਤੋਂ ਕਾਂਗਰਸ ਦੇ ਵਿਧਾਇਕ ਅਸ਼ੋਕ ਅਰੋੜਾ ਨੇ ਆਪਣੀ ਜਿੱਤ ਦਾ ਸਿਹਰਾ ਕਾਂਗਰਸੀ ਵਰਕਰਾਂ ਤੇ ਸਥਾਨਕ ਲੋਕਾਂ ਸਿਰ ਬੰਨ੍ਹਦੇ ਹੋਏ ਕਿਹਾ ਕਿ ਵਰਕਰਾਂ ਦੀ ਮਿਹਨਤ ਸਦਕਾ ਹੀ ਉਹ ਜਿੱਤੇ ਹਨ। ਅਸ਼ੋਕ ਅਰੋੜਾ ਅੱਜ ਪੰਜਾਬੀ ਧਰਮਸ਼ਾਲਾ ਵਿਚ ਹਲਕਾ ਥਾਨੇਸਰ ਦੇ ਕਾਰਕੁਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ ਕਾਂਗਰਸ ਦੀ ਲਹਿਰ ਚੱਲ ਰਹੀ ਸੀ ਪਰ ਅਚਨਚੇਤ ਚੋਣ ਨਤੀਜਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਈਵੀਐਮਜ਼ ਵਿਚ ਗੜਬੜੀ ਕਰਕੇ ਚੋਣ ਜਿੱਤੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮਿਹਨਤ ਸਦਕਾ ਹੀ ਥਾਨੇਸਰ ਹਲਕੇ ਤੋਂ ਕਾਂਗਰਸ ਨੂੰ ਜਿੱਤ ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਨੇ ਚੋਣਾਂ ਵਿਚ ਗੁੰਡਾਗਰਦੀ ਕੀਤੀ ਜੋ ਸ਼ਰਮਨਾਕ ਹੈ। ਚੋਣਾਂ ਤੋਂ ਪਹਿਲਾਂ ਬਾਹਰੀ ਗੁੰਡੇ ਵਾਹਨਾਂ ਦੇ ਕਾਫਲਿਆਂ ਵਿਚ ਘੁੰਮਦੇ ਰਹੇ ਪਰ ਪੁਲੀਸ ਮੂਕ ਦਰਸ਼ਕ ਬਣੀ ਰਹੀ ਤੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ, ਉਲਟਾ ਕਾਂਗਰਸੀ ਵਰਕਰਾਂ ਨੂੰ ਗ੍ਰਿਫਤਾਰ ਕਰ ਝੂਠੇ ਕੇਸ ਦਰਜ ਕੀਤੇ ਗਏ। ਅਰੋੜਾ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਡੀਏਪੀ ਖਾਦ ਦੀ ਘਾਟ ਹੈ। ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਕਿਸਾਨ ਡੀਏਪੀ ਖਾਦ ਲਈ ਧੱਕੇ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਗਰ ਪਰਿਸ਼ਦ ਚੋਣਾਂ ਵਿੱਚ ਕਾਂਗਰਸੀ ਵਰਕਰ ਇਕਜੁੱਟ ਹੋ ਕੇ ਲੜਨਗੇ। ਅਰੋੜਾ ਨੇ ਕਿਹਾ ਕਿ ਨਗਰ ਕੌਂਸਲ ਵਿਚ ਵਿਆਪਕ ਭ੍ਰਿਸ਼ਟਾਚਾਰ ਹੈ ਤੇ ਇਸ ਨੂੰ ਦੂਰ ਕਰਨ ਲਈ ਨਗਰ ਕੌਂਸਲ ਚੋਣਾਂ ਜਿੱਤ ਕੇ ਦੂਰ ਕੀਤਾ ਜਾਏਗਾ। ਅਰੋੜਾ ਨੇ ਕਿਹਾ ਕਿ ਇਸਮਾਈਲਾਬਾਦ ਵਿਚ ਜਿਸ ਤਰ੍ਹਾਂ ਕਾਂਗਰਸੀ ਆਗੂ ਦੇ ਪਿਤਾ ਹਰ ਬਿਲਾਸ ਮਾਹਲ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਏ ਘੱਟ ਹੈ। ਕੁਰੂਕਸ਼ੇਤਰ ਵਿਚ ਕਾਨੂੰਨ ਵਿਵਸਥਾ ਦਾ ਮਾੜਾ ਹਾਲ ਹੈ ਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ।