For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੂੰ ਨਹੀਂ ਮਿਲ ਰਿਹਾ ਮੱਕੀ ਤੇ ਮੂੰਗੀ ਦਾ ਸਮਰਥਨ ਮੁੱਲ

09:53 PM Jun 29, 2023 IST
ਕਿਸਾਨਾਂ ਨੂੰ ਨਹੀਂ ਮਿਲ ਰਿਹਾ ਮੱਕੀ ਤੇ ਮੂੰਗੀ ਦਾ ਸਮਰਥਨ ਮੁੱਲ
Advertisement

ਮਹਿੰਦਰ ਸਿੰਘ ਰੱਤੀਆਂ

Advertisement

ਮੋਗਾ, 24 ਜੂਨ

ਸੂਬੇ ਦੀਆਂ ਮੰਡੀਆਂ ਵਿੱਚ ਮੱਕੀ ਤੇ ਮੂੰਗੀ ਦੀ ਫ਼ਸਲ ਲੈ ਕੇ ਪੁੱਜ ਰਹੇ ਕਿਸਾਨਾਂ ਨੂੰ ਪੂਰਾ ਭਾਅ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਐੱਮਐੱਸਪੀ ਤੋਂ ਘੱਟ ਭਾਅ ਉੱਤੇ ਫਸਲ ਵੇਚਣ ਲਈ ਮਜਬੂਰ ਹਨ। ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਸੂਬਾ ਸਰਕਾਰ ਕਿਸਾਨਾਂ ਨੂੰ ਫਸਲੀ ਚੱਕਰ ‘ਚੋਂ ਬਾਹਰ ਨਿਕਲਣ ਦੀ ਅਪੀਲ ਕਰ ਰਹੀ ਹੈ ਤੇ ਦੂਜੇ ਪਾਸੇ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ ਜੋ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡ ਕੇ ਮੱਕੀ ਦੀ ਫਸਲ ਬੀਜ ਰਹੇ ਹਨ।

ਇਥੇ ਅਨਾਜ ਮੰਡੀ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਦੱਸਿਆ ਕਿ ਕਿਸਾਨਾਂ ਨੂੰ ਮੂੰਗੀ ਅਤੇ ਮੱਕੀ ਦੀ ਫ਼ਸਲ ਲੈ ਕੇ ਮੰਡੀ ਵਿੱਚ ਬੈਠਿਆਂ ਨੂੰ ਪੰਜ ਤੋਂ ਸੱਤ ਦਿਨ ਹੋ ਗਏ ਹਨ ਪਰ ਸਰਕਾਰ ਵੱਲੋਂ ਕੋਈ ਵੀ ਅਧਿਕਾਰੀ ਮੂੰਗੀ ਅਤੇ ਮੱਕੀ ਦੀ ਸਰਕਾਰੀ ਖ਼ਰੀਦ ਕਰਨ ਨਹੀਂ ਪਹੁੰਚਿਆ, ਜਿਸ ਕਾਰਨ ਵਪਾਰੀ ਆਪਣੀ ਮਰਜ਼ੀ ਅਨੁਸਾਰ ਮੂੰਗੀ 5500 ਤੋਂ ਲੈ ਕੇ 6300 ਅਤੇ ਮੱਕੀ 1300 ਤੋਂ ਲੈ ਕੇ 1500 ਤੱਕ ਖਰੀਦ ਰਹੇ ਹਨ ਜਦੋਂ ਕਿ ਮੂੰਗੀ ਦੀ ਐਮਐੱਸਪੀ 7755 ਅਤੇ ਮੱਕੀ ਦਾ 2090 ਰੁਪਏ ਨਿਰਧਾਰਿਤ ਹੈ। ਇਸ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਐੱਮਐੱਸਪੀ ‘ਤੇ ਮੂੰਗੀ ਤੇ ਮੱਕੀ ਦੀ ਖਰੀਦ ਨਾ ਕੀਤੀ ਗਈ ਤਾਂ ਅਗਲੀ ਰਣਨੀਤੀ ਤੈਅ ਕਰ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਕਿਸਾਨਾਂ ਦੀ ਲੁੱਟ ਖਿਲਾਫ਼ ਮੁਹਾਲੀ ‘ਚ ਪ੍ਰਦਰਸ਼ਨ 27 ਨੂੰ

ਮਾਛੀਵਾੜਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਵਿਚ ਮੱਕੀ ਤੇ ਮੂੰਗੀ ਦੀ ਫਸਲ ‘ਤੇ ਕਿਸਾਨਾਂ ਦੀ ਹੋ ਰਹੀ ਲੁੱਟ ਖ਼ਿਲਾਫ ਤੇ ਘੱਟੋ ਘੱਟ ਸਮਰੱਥਨ ਮੁੱਲ ਲੈਣ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਪਹਿਲੀ ਲੜੀ ਤਹਿਤ 27 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 33 ਜਥੇਬੰਦੀਆਂ ਵੱਲੋਂ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋ ਕੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵੱਲ ਰੋਸ ਮਾਰਚ ਕੀਤਾ ਜਾਵੇਗਾ। ਲੱਖੋਵਾਲ ਨੇ ਕਿਹਾ ਕਿ ਮਾਰਚ 2022 ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਫਸਲੀ ਵਿਭਿੰਨਤਾ ਲਿਆਉਣ ਅਤੇ ਪੰਜਾਬ ਦਾ ਪਾਣੀ ਬਚਾਉਣ ਲਈ ਕਿਸਾਨਾਂ ਨੂੰ ਮੱਕੀ ਤੇ ਮੂੰਗੀ ਦੀ ਫਸਲ ਬੀਜਣ ਲਈ ਆਖਿਆ ਸੀ ਤੇ ਫਸਲਾਂ ਨੂੰ ਖਰੀਦਣ ਦੀ ਗਾਰੰਟੀ ਵੀ ਪੰਜਾਬ ਸਰਕਾਰ ਨੇ ਕੀਤੀ ਸੀ ਪਰ ਪਿਛਲੇ ਸਾਲ ਵੀ ਕਿਸਾਨਾਂ ਦੀ ਫਸਲ ਦੀ ਖਰੀਦ ਪੰਜਾਬ ਸਰਕਾਰ ਨੇ ਨਹੀਂ ਕੀਤੀ। ਇਸ ਸਾਲ ਵੀ ਖਰੀਦ ਨਾ ਹੋਣ ਕਰ ਕੇ ਕਿਸਾਨਾਂ ਨੂੰ ਮਜਬੂਰੀ ਵੱਸ ਵਪਾਰੀਆਂ ਨੂੰ ਘੱਟ ਰੇਟ ‘ਤੇ ਫਸਲ ਵੇਚਣੀ ਪੈ ਰਹੀ ਹੈ।

Advertisement
Tags :
Advertisement
Advertisement
×