ਝੋਨੇ ’ਚ ਨਮੀ ਦੀ ਮਾਤਰਾ ਕਾਰਨ ਖੁਆਰ ਹੋ ਰਹੇ ਨੇ ਕਿਸਾਨ
ਗੁਰਦੀਪ ਲਾਲੀ
ਸੰਗਰੂਰ, 22 ਅਕਤੂਬਰ
ਝੋਨੇ ਦੀ ਖਰੀਦ ਬਾਰੇ ਕੇਂਦਰ ਸਰਕਾਰ ਦੀਆਂ ਸਖ਼ਤ ਸ਼ਰਤਾਂ ਕਾਰਨ ਕਿਸਾਨ ਮੰਡੀਆਂ ’ਚ ਖੱਜਲ ਖੁਆਰ ਹੋ ਰਹੇ ਹਨ। ਝੋਨੇ ’ਚ ਨਮੀ ਦੀ ਮਾਤਰਾ ਵੱਧ ਆਉਣ ’ਤੇ ਕਿਸਾਨਾਂ ਨੂੰ ਜਿਥੇ ਕਈ-ਕਈ ਦਿਨ ਮੰਡੀਆਂ ’ਚ ਗੁਜ਼ਾਰਨੇ ਪੈ ਰਹੇ ਹਨ ਉੱਥੇ ਅਨਾਜ ਮੰਡੀਆਂ ’ਚ ਹੀ ਝੋਨੇ ਦੀ ਫਸਲ ਖਿਲਾਰ ਕੇ ਸੁਕਾਉਣ ਲੱਗੇ ਹੋਏ ਹਨ। ਅਜਿਹੇ ਹਾਲਾਤ ਕਾਰਨ ਹੀ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ 51808 ਮੀਟਰਕ ਟਨ ਝੋਨੇ ਦੀ ਫਸਲ ਦੀ ਘੱਟ ਆਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ’ਚ 21 ਅਕਤੂਬਰ ਤੱਕ 1,63,225 ਮੀਟਰਕ ਟਨ ਝੋਨੇ (ਸਮੇਤ ਬਾਸਮਤੀ) ਦੀ ਆਮਦ ਹੋਈ ਹੈ ਜਦੋਂ ਕਿ ਪਿਛਲੇ 2,15,033 ਟਨ ਆਮਦ ਹੋ ਚੁੱਕੀ ਸੀ ਜਿਸ ਕਾਰਨ ਪਿਛਲੇ ਸਾਲ ਦੇ ਮੁਕਾਬਲੇ 51808 ਟਨ ਘੱਟ ਆਮਦ ਹੋਈ ਹੈ। ਹੁਣ ਤੱਕ 1,50,261 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਜਿਸ ਵਿਚੋਂ ਪ੍ਰਾਈਵੇਟ ਵਪਾਰੀਆਂ ਵੱਲੋਂ 64032 ਟਨ ਬਾਸਮਤੀ ਝੋਨੇ ਦੀ ਖਰੀਦ ਕੀਤੀ ਹੈ ਜਦੋਂ ਕਿ ਸਰਕਾਰੀ ਖਰੀਦ ਏਜੰਸੀਆਂ ਵਲੋਂ 86229 ਮੀਟਰਕ ਟਨ ਝੋਨੇ ਦੀ ਖਰੀਦ ਹੋਈ ਹੈ। ਪ੍ਰਾਈਵੇਟ ਵਪਾਰੀਆਂ ਵਲੋਂ ਖਰੀਦ ਕੀਤੀ 64032 ਮੀਟਰਕ ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਜਦੋਂ ਕਿ ਸਰਕਾਰੀ ਏਜੰਸੀਆਂ ਵਲੋਂ ਖਰੀਦ ਕੀਤੇ ਝੋਨੇ ’ਚੋ 70157 ਮੀਟਰਕ ਟਨ ਮੰਡੀਆਂ ’ਚ ਲਿਫਟਿੰਗ ਤੋਂ ਵਾਂਝੀ ਪਈ ਹੈ। ਇੱਥੋਂ ਨੇੜਲੇ ਖਰੀਦ ਕੇਂਦਰ ਬਡਰੁੱਖਾਂ ’ਚ ਕਿਸਾਨ ਰਣਧੀਰ ਸਿੰਘ, ਦੁੱਲਾ ਸਿੰਘ, ਬਲਜੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬੈਠੇ ਹਨ। ਖਰੀਦ ਏਜੰਸੀ ਦਾ ਇੰਸਪੈਕਟਰ ਆਉਂਦਾ ਹੈ ਅਤੇ ਮੀਟਰ ਲਗਾ ਕੇ ਵੇਖਦਾ ਹੈ ਅਤੇ ਬੋਲੀ ਲਗਾਏ ਬਗ਼ੈਰ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਫਸਲ ਨੂੰ ਤਰੇਲ ਤੋਂ ਬਚਾਉਣ ਲਈ ਰਾਤ ਨੂੰ ਢੱਕ ਦਿੰਦੇ ਹਨ ਅਤੇ ਸਵੇਰੇ ਖ਼ਿਲਾਰ ਦਿੰਦੇ ਹਨ। ਕਿਸਾਨ ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਆੜਤੀਏ ਨੇ ਮੰਡੀ ’ਚ ਫਸਲ ਲਿਆਉਣ ਲਈ ਹਾਲੇ ਹਰੀ ਝੰਡੀ ਨਹੀਂ ਦਿੱਤੀ। ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ’ਚ ਨਮੀ ਦੀ ਮਾਤਰਾ 17 ਤੋਂ ਵਧਾ ਕੇ 22 ਕੀਤੀ ਜਾਵੇ। ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਤੁੰਗਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ ਲਿਫਟਿੰਗ ’ਚ ਹਲਚਲ ਜ਼ਰੂਰ ਹੋਈ ਹੈ। ਅਗਲੇ ਦਿਨਾਂ ’ਚ ਲਿਫਟਿੰਗ ਦੀ ਸਮੱਸਿਆ ਦੂਰ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।
ਵਧੀਕ ਮੁੱਖ ਸਕੱਤਰ ਵੱਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਝੋਨੇ ਦੀ ਫਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਧੀਕ ਮੁੱਖ ਸਕੱਤਰ ਨੇ ਕਿਸਾਨਾਂ ਨੂੰ ਫਸਲ ਦੀ ਕੀਤੀ ਜਾ ਰਹੀ ਅਦਾਇਗੀ ਦੇ ਨਾਲ-ਨਾਲ ਅਧਿਕਾਰੀਆਂ ਨੂੰ ਝੋਨੇ ਚੁਕਾਈ ਨੂੰ ਤੇਜ਼ ਕਰਨ ਅਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਮਿਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਐਮ.ਐਸ.ਪੀ. ਤੋਂ ਘੱਟ ਖਰੀਦ ਕਿਸੇ ਕੀਮਤ ’ਤੇ ਨਾ ਹੋਣ ਦਿੱਤੀ ਜਾਵੇ। ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਵਿੱਚੋਂ ਝੋਨੇ ਦੇ ਇੱਕ-ਇੱਕ ਦਾਣੇ ਦੀ ਖਰੀਦ ਅਤੇ ਲਿਫਟਿੰਗ ਲਈ ਵਚਨਬੱਧ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।