ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕੀਤਾ ਜਾ ਰਿਹੈ ਜਾਗਰੂਕ
ਪੱਤਰ ਪ੍ਰੇਰਕ
ਦੇਵੀਗੜ੍ਹ, 27 ਅਕਤੂਬਰ
ਸਰਕਾਰ ਵੱਲੋਂ ਪਰਾਲੀ ਸਾੜਨ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਜਾਗਰੂਕ ਕਰਨ ਅਤੇ ਇਸ ਦੇ ਬਦਲਵੇਂ ਹੱਲ ਅਪਨਾਉਣ ਸਬੰਧੀ ਯੋਜਨਾ ‘ਸੱਥ ਉੱਤੇ ਗੱਲ ਅਤੇ ਹੱਲ’ ਦੇ ਤਹਿਤ ਬਲਾਕ ਭੁਨਰਹੇੜੀ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਹਿੰਦਰਜੀਤ ਸਿੰਘ ਅਤੇ ਉਨ੍ਹਾਂ ਦੇ ਸਟਾਫ ਦੀ ਟੀਮ ਵੱਲੋਂ ਪੰਚਾਇਤ ਘਰ ਵਿੱਚ ਸਵੇਰ 6 ਤੋਂ ਸ਼ਾਮ 8 ਵਜੇ ਤੱਕ ਪਿੰਡ ਵਾਸੀਆਂ ਅਤੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਵੀ ਪਿੰਡ ਟਿਵਾਣਾ, ਔਜਾਂ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸੁਪਰ ਸੀਡਰ, ਮਲਚਰ, ਹੈਪੀਸੀਡ ਅਤੇ ਬੇਲਰ ਆਦਿ ਮੁਹੱਈਆ ਕਰਵਾਏ ਜਾਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਬੀਡੀਪੀਓ ਦੇ ਦਫਤਰ ਅਤੇ ਹੋਰ ਮਹਿਕਮਿਆਂ ਦੇ ਕਰਮਚਾਰੀਆਂ ਵੱਲੋਂ ਦਿਨ ਰਾਤ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਅਤੇ ਮਸ਼ੀਨਾਂ ਉਪਲਬਧ ਕਰਾਉਣ ਦੇ ਹਰ ਯਤਨ ਕੀਤੇ ਜਾ ਰਹੇ ਹਨ।
ਬੀਡੀਪੀਓ ਵੱਲੋਂ ਪਿੰਡਾਂ ਦੇ ਦੌਰੇ
ਧੂਰੀ (ਖੇਤਰੀ ਪ੍ਰਤੀਨਿਧ): ਇੱਥੇ ਐੱਸਡੀਐੱਮ ਧੂਰੀ ਵਿਕਾਸ ਹੀਰਾ ਦੀ ਅਗਵਾਈ ਹੇਠ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪ੍ਰਦੀਪ ਕੁਮਾਰ ਸ਼ਾਰਦਾ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਸੁਚੇਤ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਸ੍ਰੀ ਸ਼ਾਰਦਾ ਨੇ ਬੱਬਨਪੁਰ, ਬੰਗਾਵਾਲੀ, ਬੇਨੜਾ, ਬਰੜਵਾਲ, ਭਲਵਾਨ, ਬੁਗਰਾ, ਧਾਂਦਰਾ, ਧੂਰਾ, ਦੁਹਲਾ, ਮੀਮਸਾ, ਰੁਲਦੂ ਸਿੰਘ ਵਾਲਾ, ਖੇੜੀ ਜੱਟਾਂ, ਬੁਰਜ ਸੈਦਾ ਆਦਿ ਪਿੰਡਾਂ ਵਿੱਚ ਟੀਮ ਸਣੇ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਹੈ ਜੇ ਕਿਸੇ ਨੂੰ ਵੀ ਪਰਾਲੀ ਦੇ ਯੋਗ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਘਾਟ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।