For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੂੰ ਤਿਉਹਾਰ ਮੰਡੀਆਂ ’ਚ ਹੀ ਲੰਘਣ ਦਾ ਡਰ

06:56 AM Oct 21, 2024 IST
ਕਿਸਾਨਾਂ ਨੂੰ ਤਿਉਹਾਰ ਮੰਡੀਆਂ ’ਚ ਹੀ ਲੰਘਣ ਦਾ ਡਰ
ਜਲੰਧਰ ਦੀ ਦਾਣਾ ਮੰਡੀ ਵਿੱਚ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ। -ਫੋਟੋ: ਸਰਬਜੀਤ ਸਿੰਘ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਕਤੂਬਰ
ਜਦੋਂ ਦਸਹਿਰੇ ਦੀ ਖ਼ੁਸ਼ੀ ’ਚ ਹਰ ਕੋਈ ਖੀਵਾ ਸੀ ਉਦੋਂ ਕਿਸਾਨ ਕੁਲਦੀਪ ਸਿੰਘ ਜਗਰਾਓਂ ਦੀ ਮੰਡੀ ’ਚ ਬੈਠਾ ਸੀ, ਉਹ ਆਪਣੀ ਫ਼ਸਲ ਦੀ ਬੋਲੀ ਉਡੀਕ ਰਿਹਾ ਸੀ। ਕੀ ਪਿੰਡ ਕਾਉਂਕੇ ਖੋਸਾ ਦੇ ਇਸ ਕਿਸਾਨ ਦੀ ਦੀਵਾਲੀ ਵੀ ਮੰਡੀ ’ਚ ਹੀ ਨਿਕਲੇਗੀ, ਇਸ ਦਾ ਜਵਾਬ ਉਹ ਹਾਂ ਵਿਚ ਦਿੰਦਾ ਹੈ। ਉਹ ਆਖਦਾ ਹੈ ਕਿ ਜਿਵੇਂ ਦੇ ਹਾਲਾਤ ਹਨ, ਉਸ ਤੋਂ ਲੱਗਦਾ ਹੈ ਕਿ ਤਿਉਹਾਰ ਮੰਡੀਆਂ ਹੀ ਲੰਘ ਜਾਣਗੇ।
ਆੜ੍ਹਤੀਆ ਜਸਵੰਤ ਸਿੰਘ ਦੱਸਦਾ ਹੈ ਕਿ ਉਸ ਦੀ ਦੁਕਾਨ ’ਤੇ 10 ਹਜ਼ਾਰ ਗੱਟਾ ਆ ਚੁੱਕਾ ਹੈ ਤੇ ਰੋਜ਼ਾਨਾ ਕਰੀਬ ਚਾਰ ਸੌ ਗੱਟੇ ਦੀ ਬੋਲੀ ਲੱਗਦੀ ਹੈ। ਉਹ ਆਖਦਾ ਹੈ ਕਿ ਆਪਣੇ 21 ਸਾਲ ਦੇ ਕਾਰੋਬਾਰ ’ਚ ਪਹਿਲੀ ਵਾਰ ਇਸ ਤਰ੍ਹਾਂ ਦੇ ਹਾਲਾਤ ਦੇਖੇ ਹਨ। ਹੋਰਨਾਂ ਆੜ੍ਹਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਬਾਰਦਾਨਾ ਵੀ ਖ਼ੁਦ ਸਟੋਰਾਂ ’ਚੋਂ ਚੁੱਕ ਕੇ ਲਿਆਉਣਾ ਪੈ ਰਿਹਾ ਹੈ। ਬਠਿੰਡਾ ਦੇ ਪਿੰਡ ਘੁੱਦਾ ਦੀ ਮੰਡੀ ਵਿੱਚ ਗੁਰਚਰਨ ਸਿੰਘ ਕਰੀਬ 15 ਦਿਨਾਂ ਤੋਂ ਬੈਠਾ ਹੈ। ਗੁਰਚਰਨ ਸਿੰਘ ਦਾ ਦਸਹਿਰਾ ਵੀ ਇੱਥੇ ਲੰਘਿਆ ਹੈ ਅਤੇ ਹੁਣ ਦੀਵਾਲੀ ਵੀ ਕਿਤੇ ਮੰਡੀ ਵਿਚ ਨਾ ਲੰਘੇ, ਇਸ ਵਾਸਤੇ ਉਹ ਨਿੱਤ ਦਿਨ ਅਫ਼ਸਰਾਂ ਅੱਗੇ ਹੱਥ ਜੋੜਦਾ ਹੈ। ਪਿੰਡ ਬਾਜਕ ਦਾ ਕਿਸਾਨ ਬਲਦੇਵ ਸਿੰਘ ਦੱਸਦਾ ਹੈ ਕਿ ਸਰਕਾਰ ਨੇ ਹੱਲਾਸ਼ੇਰੀ ਦੇ ਕੇ ਪੀਆਰ 126 ਕਿਸਮ ਦੀ ਲੁਆ ਦਿੱਤੀ ਤੇ ਹੁਣ ਕਿਸਾਨ ਫ਼ਸਲ ਲਈ ਮੰਡੀ ’ਚ ਬੈਠੇ ਹਨ, ਕੋਈ ਖ਼ਰੀਦਣ ਵਾਲਾ ਨਹੀਂ। ਬਰਨਾਲਾ ਦੇ ਪਿੰਡ ਅਲਕੜਾ ਦਾ ਕਿਸਾਨ ਜਗਤਾਰ ਸਿੰਘ ਪੰਜ ਦਿਨਾਂ ਤੋਂ ਫ਼ਸਲ ਦੀ ਬੋਲੀ ਦੀ ਉਡੀਕ ਵਿਚ ਬੈਠਾ ਹੈ।
ਭਦੌੜ ਦਾ ਆੜ੍ਹਤੀਆ ਕੇਵਲ ਸਿੰਘ ਆਖਦਾ ਹੈ ਕਿ ਮੰਡੀ ਵਿਚ ਨਾ ਤਾਂ ਫ਼ਸਲ ਦੀ ਪਹਿਲੀ ਬੋਲੀ ਲੱਗੀ ਹੈ ਅਤੇ ਨਾ ਹੀ ਬਾਰਦਾਨਾ ਮਿਲਿਆ ਹੈ। ਭਵਾਨੀਗੜ੍ਹ ’ਚ ਪੈਂਦੇ ਪਿੰਡ ਭੱਟੀਵਾਲ ਦਾ ਕਿਸਾਨ ਆਗੂ ਗੁਰਮੀਤ ਸਿੰਘ ਆਖਦਾ ਹੈ ਕਿ ਕਿਸੇ ਮੰਡੀ ਵਿਚ ਚਲੇ ਜਾਓ, ਇਹੋ ਹਾਲਾਤ ਨੇ। ਦੁਆਬੇ ਦੀ ਸਭ ਤੋਂ ਵੱਡੀ ਮੰਡੀ ਫਗਵਾੜਾ ਹੈ ਜਿੱਥੇ ਫ਼ਸਲ ਆਈ ਹੋਈ ਹੈ। ਕਪੂਰਥਲਾ ਦੇ ਜ਼ਿਲ੍ਹੇ ਦੇ ਪਿੰਡ ਸਾਹਨੀ ਦਾ ਬਲਿਹਾਰ ਸਿੰਘ ਆਖਦਾ ਹੈ ਕਿ ਛੇ ਦਿਨ ਪਹਿਲਾਂ ਵਾਢੀ ਕੀਤੀ ਸੀ ਪਰ ਹਾਲੇ ਤੱਕ ਬੋਲੀ ਨਹੀਂ ਲੱਗੀ। ਉਹ ਦੱਸਦਾ ਹੈ ਕਿ ਕਿਸਾਨ ਵਾਢੀ ਕਰਕੇ ਟਰਾਲੀਆਂ ਵਿਚ ਫ਼ਸਲ ਸਾਂਭੀ ਬੈਠੇ ਹਨ ਤੇ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ 24.43 ਲੱਖ ਮੀਟਰਿਕ ਟਨ ਫ਼ਸਲ ਆ ਚੁੱਕੀ ਹੈ ਜਿਸ ’ਚੋਂ 21.93 ਲੱਖ ਮੀਟਰਿਕ ਟਨ ਫ਼ਸਲ ਖ਼ਰੀਦੀ ਜਾ ਚੁੱਕੀ ਹੈ ਪਰ ਖਰੀਦੀ ਫ਼ਸਲ ’ਚੋਂ ਲਿਫ਼ਟਿੰਗ ਸਿਰਫ਼ 15.69 ਫ਼ੀਸਦੀ ਹੋਈ ਹੈ। ਵੇਰਵਿਆਂ ਅਨੁਸਾਰ ਮੁਕਤਸਰ ਜ਼ਿਲ੍ਹੇ ’ਚ ਆਈ ਫ਼ਸਲ ’ਚੋਂ 55 ਫ਼ੀਸਦੀ ਅਤੇ ਫ਼ਰੀਦਕੋਟ ਵਿਚ 67 ਫ਼ੀਸਦੀ ਫ਼ਸਲ ਹੀ ਖਰੀਦੀ ਦੀ ਗਈ ਹੈ। ਬਠਿੰਡਾ ਜ਼ਿਲ੍ਹੇ ’ਚ ਸਿਰਫ਼ 30 ਫ਼ੀਸਦੀ ਹੀ ਖ਼ਰੀਦ ਹੋਈ ਹੈ ਜਦੋਂ ਕਿ 70 ਫ਼ੀਸਦੀ ਫ਼ਸਲ ਦੇ ਮਾਲਕ ਕਿਸਾਨ ਬੋਲੀ ਦੀ ਉਡੀਕ ਵਿਚ ਹਨ। ਹੁਸ਼ਿਆਰਪੁਰ, ਜਲੰਧਰ, ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਬਠਿੰਡਾ ਜ਼ਿਲ੍ਹੇ ਵਿਚ ਸਿਰਫ਼ ਪੰਜ ਫ਼ੀਸਦੀ ਤੱਕ ਫ਼ਸਲ ਦੀ ਚੁਕਾਈ ਹੋਈ ਹੈ।

Advertisement

ਹੁਣ ਤੱਕ ਸਿਰਫ਼ ਇੱਕ ਲੱਖ ਕਿਸਾਨਾਂ ਦੀ ਫ਼ਸਲ ਵਿਕੀ

ਕੇਂਦਰੀ ਖ਼ਰੀਦ ਪੋਰਟਲ ਅਨੁਸਾਰ ਪੰਜਾਬ ਵਿੱਚ 20 ਅਕਤੂਬਰ ਨੂੰ ਸਵੇਰ ਅੱਠ ਵਜੇ ਤੱਕ 1.09 ਲੱਖ ਕਿਸਾਨਾਂ ਦੀ ਫ਼ਸਲ ਦੀ ਵਿਕਰੀ ਹੋਈ ਹੈ ਜਿਨ੍ਹਾਂ ਨੂੰ 16.92 ਲੱਖ ਟਨ ਵੇਚੀ ਹੋਈ ਝੋਨੇ ਦੀ 2968 ਕਰੋੜ ਦੀ ਅਦਾਇਗੀ ਹੋਈ ਹੈ। ਪਿਛਲੇ ਵਰ੍ਹੇ ਪੰਜਾਬ ਵਿਚ 7.95 ਲੱਖ ਕਿਸਾਨਾਂ ਨੇ ਝੋਨੇ ਦੀ ਫ਼ਸਲ ਵੇਚੀ ਸੀ ਜਦੋਂ ਕਿ ਇਸ ਵਾਰ ਹਾਲੇ ਤੱਕ 1.09 ਲੱਖ ਕਿਸਾਨਾਂ ਦੀ ਫ਼ਸਲ ਵਿਕੀ ਹੈ।

Advertisement

Advertisement
Author Image

sukhwinder singh

View all posts

Advertisement