ਕਿਸਾਨਾਂ ਵੱਲੋਂ ਪੱਕੇ ਮੋਰਚੇ ’ਤੇ ਡਟੇ ਰਹਿਣ ਦਾ ਐਲਾਨ
ਪ੍ਰਸ਼ਾਸਨ ਵੱਲੋਂ ਮਸਲੇ ਦੇ ਹੱਲ ਲਈ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਦੀ ਨਿਖੇਧੀ; ਵੱਡੇ ਐਕਸ਼ਨ ਦੀ ਚਿਤਾਵਨੀ
ਭਗਵਾਨ ਦਾਸ ਗਰਗ
ਨਥਾਣਾ, 5 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਨਥਾਣਾ ਵਿੱਚ ਪਾਣੀ ਦੀ ਨਿਕਾਸੀ ਲਈ ਲਾਇਆ ਪੱਕਾ ਮੋਰਚਾ ਅੱਜ 23ਵੇਂ ਦਿਨ ਜਾਰੀ ਰਿਹਾ। ਇਸ ਦੌਰਾਨ ਬੁਲਾਰਿਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਸ ਮਾਮਲੇ ’ਚ ਵੱਟੀ ਚੁੱਪ ਦੀ ਆਲੋਚਨਾ ਕੀਤੀ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਅਧਿਕਾਰੀ ਸੋਚਦੇ ਹਨ ਕਿ ਥੋੜ੍ਹੇ ਸਮੇਂ ਬਾਅਦ ਝੋਨੇ ਦੀ ਫ਼ਸਲ ਦੀ ਵਾਢੀ ਦਾ ਕੰਮ ਜ਼ੋਰਾਂ ’ਤੇ ਚੱਲ ਪਵੇਗਾ ਅਤੇ ਉਸ ਸਮੇਂ ਕਿਸਾਨਾਂ ਦਾ ਇਸ ਧਰਨੇ ਨੂੰ ਛੱਡ ਕੇ ਚਲੇ ਜਾਣਾ ਮਜਬੂਰੀ ਬਣ ਜਾਵੇਗੀ। ਇਸ ਦੌਰਾਨ ਬੁਲਾਰਿਆਂ ਕਿਹਾ ਕਿ ਅਜਿਹੀ ਨੀਤੀ ਕਾਰਨ ਹੀ ਪ੍ਰਸ਼ਾਸਨ ਦੇ ਅਧਿਕਾਰੀ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਦੀ ਥਾਂ ਟਾਲ-ਮਟੋਲ ਦੀ ਨੀਤੀ ਅਪਣਾ ਰਹੇ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਮਰਤਨ ਸਿੰਘ, ਲਖਵੀਰ ਸਿੰਘ, ਜਸਵੰਤ ਸਿੰਘ ਗੋਰਾ, ਗੁਰਮੇਲ ਸਿੰਘ, ਮਹਿਲਾ ਆਗੂ ਗੁਰਮੇਲ ਕੌਰ ਅਤੇ ਰਣਜੀਤ ਕੌਰ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਧਰਨੇ ਨੂੰ ਛੱਡ ਕੇ ਨਹੀਂ ਜਾਣਗੇ। ਆਗੂਆਂ ਨੇ ਕਿਹਾ ਕਿ ਭਲਕੇ ਸੋਮਵਾਰ ਨੂੰ ਨੇੜਲੇ ਪਿੰਡਾਂ ਦਾ ਵੱਡਾ ਇਕੱਠ ਕਰਕੇ ਵੱਡਾ ਐਕਸ਼ਨ ਕੀਤਾ ਜਾਵੇਗਾ।