ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 13 ਅਗਸਤ
ਇਥੋਂ ਦੇ ਪਿੰਡ ਨਰਾਇਣ ਖੇੜਾ ’ਚ ਪਿਛਲੇ ਇਕ ਸੌ ਇਕ ਦਿਨ ਤੋਂ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇ ਬੀਮਾ ਕਲੇਮ ਮੰਗ ਰਹੇ ਕਿਸਾਨਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਅਣਗੌਲਿਆਂ ਕੀਤੇ ਜਾਣ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਹੁਣ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ 16 ਅਗਸਤ ਨੂੰ ਭਾਵਦੀਨ ਟੌਲ ਪਲਾਜ਼ਾ ਨੇੜੇ ਨੈਸ਼ਨਲ ਹਾਈਵੇਅ ’ਤੇ ਟਰੈਕਟਰ ਟਰਾਲੀਆਂ ਖੜ੍ਹੀਆਂ ਕਰਨਗੇ।
ਚਾਰ ਕਿਸਾਨ ਜਿਥੇ ਪਿਛਲੇ ਬਾਰਾਂ ਦਿਨਾਂ ਤੋਂ ਪਿੰਡ ਦੇ ਵਾਟਰ ਵਰਕਰ ਦੀ ਟੈਂਕੀ ’ਤੇ ਚੜ੍ਹੇ ਹੋਏ ਹਨ ਉਥੇ ਹੀ ਸਰਪੰਚ ਐਸੋਸੀਏਸ਼ਨ ਨਾਲ ਜੁੜੇ ਸਰਪੰਚਾਂ ਦੀ ਸੰਕੇਤਿਕ ਭੁੱਖ ਹੜਤਾਲ ਜਾਰੀ ਹੈ। ਕਿਸਾਨ ਆਗੂ ਰਵੀ ਆਜ਼ਾਦ ਨੇ ਕਿਹਾ ਕਿ ਹੁਣ ਮਜਬੂਰ ਹੋ ਕੇ ਕਿਸਾਨਾਂ ਨੂੰ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਫੈਸਲਾ ਲੈਣਾ ਪਿਆ ਹੈ ਤੇ ਇਹ ਜਾਮ ਉਦੋਂ ਤੱਕ ਰਹੇਗਾ, ਜਦੋਂ ਤੱਕ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਨੁਕਸਾਨੀਆਂ ਫ਼ਸਲਾਂ ਦਾ ਬੀਮਾ ਕਲੇਮ ਤੇ ਮੁਆਵਜ਼ਾ ਦੀ ਰਾਸ਼ੀ ਨਹੀਂ ਪਾ ਦਿੰਦੀ। ਉਨ੍ਹਾਂ ਨੇ ਦੱਸਿਆ ਕਿ ਪਿੰਡ ਨਰਾਇਣ ਖੇੜਾ ’ਚ ਧਰਨਾ ਜਾਰੀ ਰਹੇਗਾ, ਜਿਸ ਦੀ ਕਮਾਨ ਹੁਣ ਮਹਿਲਾਵਾਂ ਕੋਲ ਹੋਵੇਗੀ।
ਆਜ਼ਾਦੀ ਦਿਹਾੜਾ ਕਿਸਾਨ ਧਰਨਾ ਸਥਲ ’ਤੇ ਮਨਾਉਣਗੇ ਤੇ ਕਿਸਾਨ ਆਗੂਆਂ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ।